ਭਾਰਤੀ ਕਪਤਾਨ ਨੇ ਇੰਗਲੈਂਡ ਦੌਰੇ ਤੋਂ ਬਾਅਦ ਆਪਣੀ ਤਕਨੀਕ ਵਿਚ ਬਦਲਾਅ ਦਾ ਕੀਤਾ ਖੁਲਾਸਾ

7/25/2020 1:13:13 AM

ਨਵੀਂ ਦਿੱਲੀ– ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲੱਗਦਾ ਹੈ ਕਿ 2014 ਵਿਚ ਇੰਗਲੈਂਡ ਦੇ ਨਿਰਾਸ਼ਾਜਨਕ ਦੌਰੇ ਤੋਂ ਬਾਅਦ ਸਚਿਨ ਤੇਂਦੁਲਕਰ ਦੀ 'ਤੇਜ਼ ਗੇਂਦਬਾਜ਼ਾਂ ਵਿਰੁੱਧ ਫਾਰਵਰਡ ਪ੍ਰੈੱਸ' ਤੇ ਮੁੱਖ ਕੋਚ ਰਵੀ ਸ਼ਾਸਤਰੀ ਦੀ 'ਕ੍ਰੀਜ਼ ਦੇ ਬਾਹਰ ਖੜ੍ਹੇ ਹੋਣ ਦੀ' ਸਲਾਹ ਦੀ ਵਜ੍ਹਾ ਨਾਲ ਉਹ ਸ਼ਾਨਦਾਰ ਟੈਸਟ ਬੱਲੇਬਾਜ਼ ਵਿਚ ਤਬਦੀਲ ਹੋਇਆ। ਕੋਹਲੀ ਦਾ ਇੰਗਲੈਂਡ ਦਾ ਇਹ ਦੌਰਾ ਮਾੜਾ ਸੁਪਨਾ ਸਾਬਤ ਹੋਇਆ ਸੀ ਜਦੋਂ ਉਹ ਲਗਾਤਾਰ 10 ਪਾਰੀਆਂ ਵਿਚ ਅਸਫਲ ਿਰਹਾ ਸੀ ਪਰ ਬਾਅਦ ਵਿਚ ਸਾਲ ਦੇ ਅੰਤ ਵਿਚ ਆਸਟਰੇਲੀਆ ਵਿਰੁੱਧ ਉਸ ਨੇ 4 ਪਾਰੀਆਂ ਵਿਚ 4 ਸੈਂਕੜੇ ਲਾ ਕੇ ਵਾਪਸੀ ਕੀਤੀ, ਜਿਸ ਵਿਚ ਦੋ ਸੈਂਕੜੇ ਐਡੀਲੇਡ ਵਿਚ ਲੱਗੇ ਸਨ। ਇਕ ਗੱਲਬਾਤ ਵਿਚ ਭਾਰਤੀ ਕਪਤਾਨ ਨੇ ਇੰਗਲੈਂਡ ਦੌਰੇ ਤੋਂ ਬਾਅਦ ਆਪਣੀ ਤਕਨੀਕ ਵਿਚ ਬਦਲਾਅ ਦਾ ਖੁਲਾਸਾ ਕੀਤਾ। ਕੋਹਲੀ ਨੇ ਕਿਹਾ,''2014 ਦਾ ਦੌਰਾ ਮੇਰੇ ਕਰੀਅਰ ਲਈ ਮੀਲ ਦਾ ਪੱਥਰ ਸਾਬਤ ਹੋਇਆ। ਕਾਫੀ ਲੋਕ ਚੰਗੇ ਦੌਰਿਆਂ ਨੂੰ ਆਪਣੇ ਕਰੀਅਰ ਦਾ ਮੀਲ ਦਾ ਪੱਥਰ ਕਹਿੰਦੇ ਹਨ ਪਰ ਮੇਰੇ ਲਈ 2014 ਮੀਲ ਦਾ ਪੱਥਰ ਸਾਬਤ ਹੋਇਆ।''

PunjabKesari
ਉਸ ਨੇ ਕਿਹਾ, ''ਮੈਂ ਇੰਗਲੈਂਡ ਤੋਂ ਪਰਤਿਆ ਤੇ ਮੈਂ ਸਚਿਨ (ਤੇਂਦਲੁਕਰ) ਭਾਜੀ ਨਾਲ ਗੱਲ ਕੀਤੀ ਤੇ ਮੁੰਬਈ ਵਿਚ ਉਨ੍ਹਾਂ ਨਾਲ ਕੁਝ ਸੈਸ਼ਨ ਲਾਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਆਪਣੇ ਕੂਲ੍ਹੇ ਦੀ ਪੋਜੀਸ਼ਨ 'ਤੇ ਕੰਮ ਕਰ ਰਿਹਾਂ ਹਾਂ। ਉਨ੍ਹਾਂ ਨੇ ਮੈਨੂੰ ਵੱਡੇ ਕਦਮਾਂ ਤੇ ਤੇਜ਼ ਗੇਂਦਬਾਜ਼ਾਂ ਵਿਰੁੱਧ 'ਫਾਰਵਰਡ ਪ੍ਰੈੱਸ' ਦੀ ਅਹਿਮੀਅਤ ਮਹਿਸੂਸ ਕਰਵਾਈ।'' ਕੋਹਲੀ ਨੇ ਕਿਹਾ, ''ਆਪਣੀ ਪੋਜੀਸ਼ਨ ਦੇ ਨਾਲ ਜਿਵੇਂ ਹੀ ਮੈਂ ਅਜਿਹਾ ਕਰਨਾ ਸ਼ੁਰੂ ਕੀਤਾ, ਚੀਜ਼ਾਂ ਚੰਗੀ ਤਰ੍ਹਾਂ ਨਾਲ ਹੋਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਆਸਟਰੇਲੀਆ ਦੌਰਾ ਹੋਇਆ।'' ਉਸ ਨੇ ਦੱਸਿਆ ਕਿ ਇੰਗਲੈਂਡ ਵਿਚ ਕੀ ਗਲਤ ਹੋਇਆ ਤੇ ਉਸ ਨੂੰ ਇਸਦਾ ਅਹਿਸਾਸ ਕਿਵੇਂ ਹੋਇਆ। ਕੋਹਲੀ ਨੇ ਕਿਹਾ,''ਇੰਗਲੈਂਡ ਦੌਰੇ ਦੌਰਾਨ ਮੇਰੀ 'ਹਿਪ ਪੁਜੀਸ਼ਨ' ਮੁੱਦਾ ਸੀ। ਇਹ ਹਾਲਾਤ ਦੇ ਅਨੁਸਾਰ ਤਾਲਮੇਲ ਨਾ ਬਿਠਾ ਸਕਣਾ ਸੀ ਤੇ ਮੈਂ ਜੋ ਕਰਨਾ ਚਾਹੁੰਦਾ ਸੀ, ਉਹ ਨਹੀਂ ਕਰ ਪਾ ਰਿਹਾ ਸੀ। ਇਸ ਲਈ ਸਖਤ ਹੋਣ ਨਾਲ ਤੁਸੀਂ ਕਿਤੇ ਨਹੀਂ ਪਹੁੰਚਦੇ। ਇਹ ਮਹਿਸੂਸ ਕਰਨਾ ਕਾਫੀ ਲੰਬਾ ਤੇ ਦਰਦਨਾਕ ਸੀ ਪਰ ਮੈਂ ਇਸ ਨੂੰ ਮਹਿਸੂਸ ਕੀਤਾ।'' ਕੋਹਲੀ ਨੂੰ ਮਹਿਸੂਸ ਹੋਇਆ ਕਿ 'ਹਿੱਪ ਪੋਜ਼ੀਸ਼ਨ' ਦੀ ਵਜ੍ਹਾ ਨਾਲ ਉਸਦੀ ਸ਼ਾਟ ਲਾਉਣ ਦੀ ਕਾਬਲੀਅਤ ਸੀਮਤ ਹੋ ਰਹੀ ਸੀ।

PunjabKesari

ਉਸ ਨੇ ਕਿਹਾ,''ਇਸ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ ਤਾਂ ਕਿ ਤੁਸੀਂ ਆਫ ਸਾਈਡ ਤੇ ਲੈੱਗ ਸਾਇਡ ਦੋਵੇਂ ਹੀ ਪਾਸੇ ਬਰਾਬਰ ਕੰਟੋਰਲ ਬਣਾ ਕੇ ਖੇਡ ਸਕੋ, ਜਿਹੜਾ ਕਾਫੀ ਮਹੱਤਵਪੂਰਨ ਹੈ।'' ਜੇਮਸ ਐਂਡਰਸਨ ਉਸ ਨੂੰ ਬਾਹਰ ਜਾਂਦੀਆਂ ਗੇਂਦਾਂ 'ਤੇ ਹੀ ਆਊਟ ਕਰ ਰਿਹਾ ਸੀ। ਕੋਹਲੀ ਨੇ ਕਿਹਾ,''ਮੈਂ ਗੇਂਦ ਦੇ ਅੰਦਰ ਆਉਣ ਨੂੰ ਲੈ ਕੇ ਸੋਚ ਕੇ ਕੁਝ ਜ਼ਿਆਦਾ ਹੀ ਚਿੰਤਤ ਹੋ ਰਿਹਾ ਸੀ। ਮੈਂ ਇਸ ਸ਼ੱਕ ਦੀ ਸਥਿਤੀ ਤੋਂ ਨਹੀ ਨਿਕਲ ਸਕਿਆ ਸੀ।'' ਹਾਲਾਂਕਿ ਉਸਦੀ ਤਕਨੀਕ ਵਿਚ ਥੋੜ੍ਹੇ ਜਿਹੇ ਬਦਲਾਅ ਨਾਲ ਉਸਦੇ 'ਸਟਾਂਸ' ਵਿਚ ਵੀ ਬਦਲਾਅ ਆਇਆ ਜਿਹੜਾ ਸ਼ਾਸਤਰੀ (2014-15 ਵਿਚ ਟੀਮ ਡਾਇਰੈਕਟਰ) ਦੇ ਸੁਝਾਅ ਨਾਲ ਹੋਇਆ ਤੇ ਇਹ 2014-15 ਆਸਟਰੇਲੀਆ ਦੌਰੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਇਆ ਸੀ ਤੇ ਫਿਰ ਸਭ ਕੁਝ ਬਦਲ ਗਿਆ ਜਿਹੜਾ ਇਤਿਹਾਸ ਹੀ ਹੈ। ਕੋਹਲੀ ਨੇ ਕਿਹਾ, ''ਸ਼ਾਸਤਰੀ ਨੇ ਮੈਨੂੰ ਇਕ ਚੀਜ਼ ਦੱਸੀ, ਉਹ ਸੀ ਕ੍ਰੀਜ਼ ਦੇ ਬਾਹਰ ਖੜ੍ਹੇ ਹੋਣ ਦੀ। ਉਸ ਨੇ ਇਸ ਦੇ ਪਿੱਛੇ ਦੀ ਮਾਨਸਿਕਤਾ ਨੂੰ ਵੀ ਦੱਸਿਆ। ਤੁਸੀਂ ਜਿਸ ਜਗ੍ਹਾ ਖੇਡ ਰਹੇ ਹੋ, ਤੁਹਾਡਾ ਉਸ 'ਤੇ ਕੰਟਰੋਲ ਹੋਣਾ ਚਾਹੀਦੀ ਹੈ।'' ਕੋਹਲੀ ਨੇ ਕਿਹਾ,''ਇਸ ਲਈ ਮੈਂ ਉਸੇ ਸਾਲ ਤੋਂ ਇਸਦਾ ਅਭਿਆਸ ਕਰਨਾ ਸ਼ੁਰੂ ਕੀਤਾ ਤੇ ਇਸਦੇ ਨਤੀਜੇ ਅਵਿਸ਼ਵਾਸ ਯੋਗ ਸਨ।''

PunjabKesari


Gurdeep Singh

Content Editor Gurdeep Singh