ਇਸ਼ਾਂਤ ਦੀ ਗੈਰ-ਹਾਜ਼ਰੀ ਦੇ ਬਾਵਜੂਦ ਭਾਰਤੀ ਗੇਂਦਬਾਜ਼ੀ ਹਮਲਾ ਮਜ਼ਬੂਤ : ਰਹਾਨੇ
Wednesday, Dec 16, 2020 - 03:31 AM (IST)
ਐਡੀਲੇਡ– ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਦਾ ਮੰਨਣਾ ਹੈ ਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਗੈਰ-ਹਾਜ਼ਰੀ ਦੇ ਬਾਵਜੂਦ ਟੀਮ ਦਾ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ ਤੇ ਟੀਮ ਦੇ ਗੇਂਦਬਾਜ਼ ਆਸਟਰੇਲੀਆ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨ ਵਿਚ ਸਮਰਥ ਹਨ। ਭਾਰਤ ਤੇ ਆਸਟਰੇਲੀਆ ਵਿਚਾਲੇ 4 ਟੈਸਟਾਂ ਦੀ ਸੀਰੀਜ਼ ਦਾ ਪਹਿਲਾ ਮੈਚ 17 ਦਸੰਬਰ ਤੋਂ ਸ਼ੁਰੂ ਹੋਣਾ ਹੈ। ਇਹ ਡੇ-ਨਾਈਟ ਟੈਸਟ ਮੈਚ ਹੈ ਜਿਹੜਾ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਇਸ ਦੌਰੇ ਲਈ ਟੀਮ ਵਿਚ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਸੱਟ ਦੀ ਵਜ੍ਹਾ ਨਾਲ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਉਪ ਕਪਤਾਨ ਦਾ ਮੰਨਣਾ ਹੈ ਕਿ ਉਸਦੇ ਟੀਮ ਵਿਚ ਨਾ ਹੋਣ ਦੇ ਬਾਵਜੂਦ ਟੀਮ ਇੰਡੀਆ ਦੀ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ।
ਰਹਾਨੇ ਨੇ ਕਿਹਾ,''ਅਸੀਂ ਇਸ਼ਾਂਤ ਨੂੰ ਮਿਸ ਕਰਾਂਗੇ ਕਿਉਂਕਿ ਉਹ ਟੀਮ ਦਾ ਸੀਨੀਅਰ ਤੇਜ਼ ਗੇਂਦਬਾਜ਼ ਹੈ ਪਰ ਉਮੇਸ਼ ਯਾਦਵ, ਨਵਦੀਪ ਸੈਣੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਵਰਗੇ ਗੇਂਦਬਾਜ਼ ਟੀਮ ਵਿਚ ਹਨ ਤੇ ਇਹ ਸਾਰੇ ਗੇਂਦਬਾਜ਼ ਤਜਰਬੇਕਾਰ ਹਨ ਤੇ ਇਨ੍ਹਾਂ ਨੂੰ ਹਾਲਾਤ ਅਨੁਸਾਰ ਗੇਂਦਬਾਜ਼ੀ ਕਰਨ ਬਾਰੇ ਬਾਖੂਬੀ ਨਾਲ ਪਤਾ ਹੈ। ਸਾਡੇ ਲਈ ਗੇਂਦਬਾਜ਼ੀ ਵਿਚ ਸੰਤੁਲਨ ਤੇ ਸਾਂਝੇਦਾਰੀ ਜ਼ਰੂਰੀ ਹੈ।''
ਉਸ ਨੇ ਕਿਹਾ,''ਸਾਰੇ ਗੇਂਦਬਾਜ਼ ਬਿਹਤਰ ਹਨ। ਆਖਰੀ-11 ਵਿਚ ਕਿਹੜੇ ਗੇਂਦਬਾਜ਼ਾਂ ਨੂੰ ਸ਼ਾਮਲ ਕਰਨਾ ਹੈ, ਅਸੀਂ ਫਿਲਹਾਲ ਇਸ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਬਾਰੇ ਵਿਚ ਬੁੱਧਵਾਰ ਨੂੰ ਚਰਚਾ ਹੋਵੇਗੀ। ਮੈਚ ਤੋਂ ਪਹਿਲਾਂ ਹੁਣ ਇਕ ਅਭਿਆਸ ਸੈਸ਼ਨ ਬਚਿਆ ਹੈ। ਟੀਮ ਵਿਚ ਸਾਰੇ ਖਿਡਾਰੀ ਇਕ ਬਰਾਬਰ ਪ੍ਰਤਿਭਾਸਾਲੀ ਹਨ। ਜਿਸ ਖਿਡਾਰੀ ਨੂੰ ਮੌਕਾ ਮਿਲੇਗਾ, ਉਹ ਮੈਚ ਜਿੱਤ ਸਕਦਾ ਹੈ, ਇਹ ਸਿਰਫ ਖਿਡਾਰੀਆਂ 'ਤੇ ਭਰੋਸਾ ਰੱਖਣ ਦੀ ਗੱਲ ਹੈ।''
ਭਾਰਤ ਨੇ 2018 ਵਿਚ ਆਸਟਰੇਲੀਆ ਤੋਂ ਟੈਸਟ ਸੀਰੀਜ਼ ਜਿੱਤੀ ਸੀ ਪਰ ਉਸਦੇ ਲਈ ਇਸ ਵਾਰ ਡਿਵਡ ਵਾਰਨਰ ਤੇ ਸਟੀਵ ਸਮਿਥ ਚੁਣੌਤੀ ਖੜ੍ਹੀ ਕਰ ਸਕਦੇ ਹਨ ਹਾਲਾਂਕਿ ਆਸਟਰੇਲੀਆਈ ਟੀਮ ਖਿਡਾਰੀਆਂ ਦੀਆਂ ਸੱਟਾਂ ਤੋਂ ਪ੍ਰੇਸ਼ਾਨ ਹੈ ਤੇ ਉਸਦਾ ਸਲਾਮੀ ਬੱਲੇਬਾਜ਼ ਵਾਰਨਰ ਪਹਿਲੇ ਟੈਸਟ ਵਿਚੋਂ ਬਾਹਰ ਹੋ ਗਿਆ ਹੈ ਜਦਕਿ ਸਮਿਥ ਵੀ ਮੰਗਲਵਾਰ ਨੂੰ ਪਿੱਠੇ ਵਿਚ ਸੋਜਿਸ਼ ਦੇ ਕਾਰਣ ਅਭਿਆਸ ਸੈਸ਼ਨ ਵਿਚੋਂ ਹਟ ਗਿਆ ਸੀ। ਭਾਰਤੀ ਟੀਮ ਇਸਦਾ ਫਾਇਦਾ ਚੁੱਕ ਸਕਦੀ ਹੈ।
ਨੋਟ- ਇਸ਼ਾਂਤ ਦੀ ਗੈਰ-ਹਾਜ਼ਰੀ ਦੇ ਬਾਵਜੂਦ ਭਾਰਤੀ ਗੇਂਦਬਾਜ਼ੀ ਹਮਲਾ ਮਜ਼ਬੂਤ : ਰਹਾਨੇ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।