ਭਾਰਤੀ ਬਲਾਇੰਡ ਕ੍ਰਿਕਟ ਟੀਮ ਨੇ ਨੇਪਾਲ ਨੂੰ 126 ਦੌੜਾਂ ਨਾਲ ਹਰਾਇਆ, 3-0 ਨਾਲ ਜਿੱਤੀ ਸੀਰੀਜ਼

12/05/2019 9:42:03 PM

ਕਾਨਪੁਰ— ਭਾਰਤੀ ਬਲਾਇੰਡ ਕ੍ਰਿਕਟ ਟੀਮ ਨੇ ਨੇਪਾਲ ਨੂੰ ਵੀਰਵਾਰ ਤੀਜੇ ਤੇ ਆਖਰੀ ਵਨ ਡੇ ਮੈਚ 'ਚ 126 ਦੌੜਾਂ ਨਾਲ ਹਰਾ ਕੇ 3-0 ਨਾਲ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਉਸਦੀ ਸਲਾਮੀ ਜੋੜੀ ਲੋਕੇਸ਼ ਤੇ ਰਵੀ ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਲੋਕੇਸ਼ 24 ਦੌੜਾਂ ਬਣਾ ਕੇ ਪਵੇਲੀਅਨ ਗਿਆ ਜਦਕਿ ਰਵੀ ਨੇ 46 ਦੇ ਸਕੋਰ 'ਤੇ ਆਪਣਾ ਵਿਕਟ ਗੁਆ ਦਿੱਤਾ।
ਸਲਾਮੀ ਜੋੜੀ ਦੇ ਆਊਟ ਹੋਣ ਤੋਂ ਬਾਅਦ ਸੁਨੀਲ ਨੇ ਫੈਜਲ ਦੇ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ ਤੇ ਦੋਵਾਂ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੀ ਬਦੌਲਤ ਟੀਮ ਨੇ 40 ਓਵਰ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 254 ਦੌੜਾਂ ਬਣਾਈਆਂ। ਸੁਨੀਲ ਨੇ 76 ਤੇ ਫੈਜਲ ਨੇ 59 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਦੀ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਉਸ ਦੀਆਂ ਚਾਰ ਵਿਕਟਾਂ ਜਲਦੀ ਢੇਰ ਹੋ ਗਈਆਂ। ਭਾਰਤੀ ਗੇਂਦਬਾਜ਼ਾਂ ਦੀ ਧਮਾਕੇਦਾਰ ਗੇਂਦਬਾਜ਼ੀ ਦੇ ਅੱਗੇ ਨੇਪਾਲ ਦੀ ਟੀਮ ਜ਼ਿਆਦਾ ਦੇਰ ਤਕ ਟਿਕ ਨਹੀਂ ਸਕੀ ਤੇ ਸਿਰਫ 128 ਦੌੜਾਂ 'ਤੇ ਢੇਰ ਹੋ ਗਈ। ਸੁਨੀਲ ਨੂੰ ਉਸਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਲਈ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ 6 ਦਸੰਬਰ ਤੋਂ ਦੇਹਰਾਦੂਨ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ।


Gurdeep Singh

Content Editor

Related News