ਰਾਹੁਲ ਵਿਕਟਕੀਪਿੰਗ ਕਰੇ ਤਾਂ ਮਜ਼ਬੂਤ ਹੋਵੇਗੀ ਭਾਰਤੀ ਬੱਲੇਬਾਜ਼ੀ : ਸ਼ਾਸਤਰੀ

03/19/2023 1:46:51 PM

ਨਵੀਂ ਦਿੱਲੀ– ਸਾਬਕਾ ਭਾਰਤੀ ਕ੍ਰਿਕਟਰ ਤੇ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਜੇਕਰ ਮੱਧਕ੍ਰਮ ਦਾ ਬੱਲੇਬਾਜ਼ ਲੋਕੇਸ਼ ਰਾਹੁਲ ਵਿਕਟਕੀਪਰ ਦੀ ਭੂਮਿਕਾ ਨਿਭਾਉਂਦਾ ਹੈ ਤਾਂ ਭਾਰਤ ਆਸਟਰੇਲੀਆ ਵਿਰੁੱਧ ਜਾਰੀ ਵਨ ਡੇ ਸੀਰੀਜ਼ ਦੇ ਨਾਲ-ਨਾਲ ਜੂਨ ’ਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਆਪਣੀ ਬੱਲੇਬਾਜ਼ੀ ਮਜ਼ਬੂਤ ਕਰ ਸਕਦਾ ਹੈ। ਖਰਾਬ ਫਾਰਮ ’ਚ ਚੱਲ ਰਹੇ ਰਾਹੁਲ ਨੂੰ ਭਾਰਤ ਦੀ ਟੈਸਟ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਸ਼ੁੱਕਰਵਾਰ ਨੂੰ ਆਸਟਰੇਲੀਆ ਵਿਰੁੱਧ ਵਨ ਡੇ ਮੈਚ ’ਚ ਉਸ ਨੇ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।

ਭਾਰਤ ਵਲੋਂ ਇਸ਼ਾਨ ਕਿਸ਼ਨ ਵੀ ਖੇਡ ਰਿਹਾ ਸੀ ਪਰ ਵਿਕਟਕੀਪਰ ਦੀ ਭੂਮਿਕਾ ਰਾਹੁਲ ਨੇ ਹੀ ਨਿਭਾਈ ਤੇ ਦੋ ਸ਼ਾਨਦਾਰ ਕੈਚ ਵੀ ਫੜੇ। ਸ਼ਾਸਤਰੀ ਦਾ ਕਹਿਣਾ ਹੈ ਕਿ ਰਾਹੁਲ ਦੀ ਇਹ ਪਾਰੀ ਡਬਲਯੂ. ਟੀ. ਸੀ. ਫਾਈਨਲ ਤੋਂ ਪਹਿਲਾਂ ਚੋਣਕਾਰਾਂ ਦਾ ਧਿਆਨ ਉਸਦੇ ਵੱਲ ਖਿੱਚੇਗੀ ਜਦਕਿ ਟੈਸਟ ਵਿਕਟਕੀਪਰ-ਬੱਲੇਬਾਜ਼ ਕੇ. ਐੱਸ. ਭਰਤ ਵੀ ਹਾਲ ਹੀ ’ਚ ਪੂਰੀ ਹੋਈ ਟੈਸਟ ਸੀਰੀਜ਼ ’ਚ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਿਆ ਹੈ। ਸ਼ਾਸਤਰੀ ਨੇ ਕਿਹਾ, ‘‘ਕੇ. ਐੱਲ. ਰਾਹੁਲ ਨੇ ਡਬਲਯੂ. ਟੀ. ਸੀ. ਫਾਈਨਲ ਤੋਂ ਪਹਿਲਾਂ ਚੋਣਕਾਰਾਂ ਦੀ ਦਿਲਚਸਪੀ ਬਰਕਰਾਰ ਰੱਖਣ ਲਈ ਅਸਲੀਅਤ ਵਿਚ ਚੰਗਾ ਕੰਮ ਕੀਤਾ ਹੈ। 

ਇਹ ਵੀ ਪੜ੍ਹੋ : WPL 2023 : ਯੂਪੀ ਨੇ ਰੋਮਾਂਚਕ ਮੈਚ 'ਚ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

ਪਹਿਲਾਂ (ਆਸਟਰੇਲੀਆ ਵਿਰੁੱਧ) ਵਨ ਡੇ ਲੜੀ ’ਚ ਜਦੋਂ ਰੋਹਿਤ ਸ਼ਰਮਾ ਵਾਪਸ ਆਉਂਦਾ ਹੈ ਤੇ ਦੂਜਾ ਡਬਲਯੂ. ਟੀ. ਸੀ. ਫਾਈਨਲ ’ਚ ਜੇਕਰ ਰਾਹੁਲ ਵਿਕਟਕੀਪਿੰਗ ਕਰ ਸਕਦਾ ਹੈ ਤਾਂ ਭਾਰਤ ਆਪਣੀ ਬੱਲੇਬਾਜ਼ੀ ਨੂੰ ਮਜ਼ਬੂਤ ਕਰ ਸਕਦਾ ਹੈ।’’ ਉਸ ਨੇ ਕਿਹਾ,‘ਰਾਹੁਲ ਮੱਧਕ੍ਰਮ ’ਚ ਨੰਬਰ ਪੰਜ ਜਾਂ ਛੇ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਇੰਗਲੈਂਡ ’ਚ ਆਮ ਤੌਰ ’ਤੇ ਤੁਹਾਨੂੰ ਬਹੁਤ ਪਿੱਛੇ ਤੋਂ ਵਿਕਟਕੀਪਿੰਗ ਕਰਨੀ ਹੁੰਦੀ ਹੈ। ਤੁਹਾਡੇ ਸਪਿਨਰਾਂ ਨੂੰ ਬਹੁਤ ਘੱਟ ਸਮਾਂ ਅੱਗੇ ਆ ਕੇ ਖੜ੍ਹਾ ਹੋਣਾ ਪੈਂਦਾ ਹੈ। ਕੇ. ਐੱਲ. ਨੂੰ ਆਈ. ਪੀ. ਐੱਲ. ਤੋਂ ਪਹਿਲਾਂ ਦੋ ਹੋਰ ਵਨ ਡੇ ਖੇਡਣੇ ਹਨ। ਉਹ ਭਾਰਤੀ ਟੀਮ ’ਚ ਆਪਣੀ ਜਗ੍ਹਾ ਪੱਕੀ ਕਰ ਸਕਦਾ ਹੈ।’’

ਰਾਹੁਲ ਦਾ ਇੰਗਲੈਂਡ ਵਿਚ ਰਿਕਾਰਡ ਚੰਗਾ ਹੈ ਪਰ ਆਸਟਰੇਲੀਆ ਵਿਰੁੱਧ ਪਿਛਲੇ ਮਹੀਨੇ ਖੇਡੇ ਗਏ ਪਹਿਲੇ ਦੋ ਟੈਸਟ ਮੈਚਾਂ ’ਚ ਖਰਾਬ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਆਖਰੀ-11 ’ਚੋਂ ਬਾਹਰ ਕਰ ਦਿੱਤਾ ਗਿਆ ਸੀ। ਰਾਹੁਲ ਨੇ ਅਜੇ ਤਕ ਇੰਗਲੈਂਡ ਵਿਚ 9 ਟੈਸਟ ਖੇਡ ਕੇ 34.11 ਦੀ ਔਸਤ ਨਾਲ 614 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਅਰਧ ਸੈਂਕੜਾ ਤੇ ਦੋ ਸੈਂਕੜੇ ਸ਼ਾਮਲ ਹਨ। ਭਾਰਤ ਨੂੰ ਇੰਗਲੈਂਡ ਦੇ ਦਿ ਓਵਲ ’ਚ ਹੋਣ ਵਾਲੇ ਡਬਲਯੂ. ਟੀ. ਸੀ. ਫਾਈਨਲ ’ਚ ਆਸਟਰੇਲੀਆ ਦਾ ਸਾਹਮਣਾ ਕਰਨਾ ਹੈ। ਭਾਰਤ ਨੇ ਇਸ ਤੋਂ ਪਹਿਲਾਂ 2021 ’ਚ ਵੀ ਡਬਲਯੂ. ਟੀ. ਸੀ. ਫਾਈਨਲ ’ਚ ਕੁਆਲੀਫਾਈ ਕੀਤਾ ਸੀ, ਜਿੱਥੇ ਉਸ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਮਿਲੀ ਸੀ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News