ਭਾਰਤੀ ਬੈਡਮਿੰਟਨ ਖਿਡਾਰੀਆਂ ਦੀਆਂ ਨਜ਼ਰਾਂ ਸੁਦੀਰਮਨ ਕੱਪ 'ਚ ਤਮਗੇ ਹਾਸਲ ਕਰਨ 'ਤੇ
Saturday, May 18, 2019 - 03:50 PM (IST)

ਸਪੋਰਟਸ ਡੈਸਕ— ਚੋਟੀ ਦੀਆਂ ਸ਼ਟਲਰ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਐਤਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਵੱਕਾਰੀ ਸੁਦੀਰਮਨ ਕੱਪ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ, ਜਿਸ ਵਿਚ ਭਾਰਤ ਦੀ ਤਮਗਾ ਉਮੀਦ ਜਾਰੀ ਰਹੇਗੀ।
ਭਾਰਤ 2011 ਤੇ 2017 ਦੋ ਸੈਸ਼ਨਾਂ ਵਿਚ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤਕ ਪਹੁੰਚਿਆ ਪਰ ਆਖਰੀ-8 ਤੋਂ ਅੱਗੇ ਨਹੀਂ ਵਧ ਸਕਿਆ।
ਭਾਰਤੀਆਂ ਨੂੰ ਤੈਅ ਕਰਨਾ ਪਵੇਗਾ ਕਿ ਉਹ ਮਜ਼ਬੂਤ ਟੀਮ ਸਾਹਮਣੇ ਕੋਈ ਕਸਰ ਨਾ ਛੱਡੇ ਤੇ 2009 ਸੈਮੀਫਾਈਨਲ ਵਿਚ ਪਹੁੰਚੀ ਮਲੇਸ਼ੀਆ ਵਿਰੁੱਧ ਸ਼ੁਰੂਆਤੀ ਝਟਕਿਆਂ ਤੋਂ ਬਚੇ ਤਾਂ ਕਿ ਉਹ ਗਰੁੱਪ-1 ਡੀ ਤੋਂ ਕੁਆਲੀਫਾਈ ਕਰ ਸਕੇ। ਮਿਕਸਡ ਟੀਮ ਚੈਂਪੀਅਨਸ਼ਿਪ ਦੌਰਾਨ ਭਾਰਤ ਦੀਆਂ ਉਮੀਦਾਂ ਬਿਹਤਰੀਨ ਸਿੰਗਲਜ਼ ਖਿਡਾਰੀਆ 'ਤੇ ਨਿਰਭਰ ਰਹਿਣਗੀਆਂ, ਜਿਸ ਨਾਲ ਮੌਜੂਦਾ ਬੀ. ਡਬਲਯੂ. ਏ. ਵਿਸ਼ਵ ਕੱਪ ਟੂਰ ਫਾਈਨਲਸ ਜੇਤੂ ਸਿੰਧੂ, 2019 ਇੰਡੋਨੇਸ਼ੀਆ ਮਾਸਟਰਸ ਚੈਂਪੀਅਨ ਸਾਇਨਾ ਨੇਹਵਾਲ, 2019 ਇੰਡੀਆ ਓਪਨ ਫਾਈਨਲ ਵਿਚ ਪਹੁੰਚੇ ਕਿਦਾਂਬੀ ਸ਼੍ਰੀਕਾਂਤ ਤੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਸ ਦੇ ਸੈਮੀਫਾਈਨਲ ਵਿਚ ਪਹੁੰਚੇ ਸਮੀਰ ਵਰਮਾ ਸ਼ਾਮਲ ਹਨ।
ਭਾਰਤ ਸਭ ਤੋਂ ਪਹਿਲਾਂ ਸੋਮਵਾਰ ਨੂੰ ਮਲੇਸ਼ੀਆ ਦੀ ਚੁਣੌਤੀ ਪਾਰ ਕਰਨ ਦੀ ਕੋਸ਼ਿਸ਼ ਕਰੇਗਾ, ਜਿਸ ਤੋਂ ਬਾਅਦ ਅਗਲੇ ਦਿਨ ਉਸ ਦਾ ਸਾਹਮਣਾ ਮਜ਼ਬੂਤ 10 ਵਾਰ ਦੀ ਚੈਂਪੀਅਨ ਚੀਨ ਨਾਲ ਹੋਵੇਗਾ। ਇਸ ਵਾਰ 13 ਮੈਂਬਰੀ ਭਾਰਤੀ ਟੀਮ ਨੂੰ 8ਵਾਂ ਦਰਜਾ ਮਿਲਿਆ ਹੈ ਅਤੇ ਇਹ ਮਲੇਸ਼ੀਆ 'ਤੇ ਸ਼ਾਨਦਾਰ ਜਿੱਤ ਤੋਂ ਪ੍ਰੇਰਣਾ ਲੈਣਾ ਚਾਹੇਗੀ, ਜਿਸ ਨੂੰ ਉਸ ਨੇ 2018 ਰਾਸ਼ਟਰਮੰਡਲ ਖੇਡਾਂ 'ਚ ਹਰਾ ਕੇ ਟੀਮ ਸੋਨ ਤਮਗਾ ਆਪਣੀ ਝੋਲੀ 'ਚ ਪਾਇਆ ਸੀ।