ਭਾਰਤ ਨੇ ਪਹਿਲੀ ਵਾਰ ਜੂਨੀਅਰ ਮਹਿਲਾ ਏਸ਼ੀਆ ਕੱਪ ਦਾ ਜਿੱਤਿਆ ਖ਼ਿਤਾਬ, ਕੋਰੀਆ ਨੂੰ 2-1 ਨਾਲ ਹਰਾਇਆ

Sunday, Jun 11, 2023 - 06:52 PM (IST)

ਭਾਰਤ ਨੇ ਪਹਿਲੀ ਵਾਰ ਜੂਨੀਅਰ ਮਹਿਲਾ ਏਸ਼ੀਆ ਕੱਪ ਦਾ ਜਿੱਤਿਆ ਖ਼ਿਤਾਬ, ਕੋਰੀਆ ਨੂੰ 2-1 ਨਾਲ ਹਰਾਇਆ

ਕਾਕਾਮਿਗਹਾਰਾ (ਜਾਪਾਨ) : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਫਾਈਨਲ 'ਚ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਜੂਨੀਅਰ ਮਹਿਲਾ ਏਸ਼ੀਆ ਕੱਪ 2023 ਦਾ ਖ਼ਿਤਾਬ ਜਿੱਤ ਲਿਆ। ਭਾਰਤ ਦੀ ਇਸ ਇਤਿਹਾਸਕ ਜਿੱਤ ਵਿੱਚ ਅੰਨੂ (22ਵੇਂ ਮਿੰਟ) ਅਤੇ ਨੀਲਮ (41ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਹਾਕੀ ਇੰਡੀਆ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ 2023 ਦਾ ਪਹਿਲਾ ਖਿਤਾਬ ਜਿੱਤਣ ਲਈ ਹਰੇਕ ਖਿਡਾਰੀ ਨੂੰ 2 ਲੱਖ ਰੁਪਏ ਅਤੇ ਸਹਾਇਕ ਸਟਾਫ ਨੂੰ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।

ਕੋਰੀਆ ਦਾ ਇਕਲੌਤਾ ਗੋਲ ਸੀਯੂਨ ਪਾਰਕ (25ਵੇਂ ਮਿੰਟ) ਨੇ ਕੀਤਾ। 2012 ਤੋਂ ਬਾਅਦ ਪਹਿਲੀ ਵਾਰ ਫਾਈਨਲ 'ਚ ਪਹੁੰਚੀਆਂ ਭਾਰਤੀ ਖਿਡਾਰਨਾਂ ਨੇ ਪਹਿਲੇ ਹੀ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਖਾਤਾ ਖੋਲ੍ਹਣ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ। ਕੋਰੀਆਈ ਟੀਮ ਨੇ ਪਹਿਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਵੀ ਹਾਸਲ ਕੀਤੇ, ਪਰ ਉਹ ਵੀ ਗੇਂਦ ਨੂੰ ਨੈੱਟ 'ਚ ਪਹੁੰਚਾਉਣ 'ਚ ਅਸਫਲ ਰਹੀਆਂ।

ਇਹ ਵੀ ਪੜ੍ਹੋ : ਆਸਟ੍ਰੇਲੀਆ ਬਣਿਆ WTC 2023 ਚੈਂਪੀਅਨ, ਭਾਰਤ ਨੂੰ 209 ਦੌੜਾਂ ਨਾਲ ਹਰਾਇਆ

ਕੋਰੀਆ ਨੇ ਦੂਜੇ ਕੁਆਰਟਰ ਦੀ ਸ਼ੁਰੂਆਤ ਦੋ ਪੈਨਲਟੀ ਕਾਰਨਰ ਨਾਲ ਕੀਤੀ। ਪਹਿਲੀ ਵਾਰ ਨੀਲਮ ਨੇ ਸ਼ਾਨਦਾਰ ਤਰੀਕੇ ਨਾਲ ਗੇਂਦ ਨੂੰ ਰੋਕਿਆ, ਜਦਕਿ ਦੂਜੀ ਕੋਸ਼ਿਸ਼ 'ਚ ਮਾਧੁਰੀ ਨੇ ਕੋਰੀਆ ਦਾ ਖਾਤਾ ਵੀ ਨਹੀਂ ਖੁੱਲ੍ਹਣ ਦਿੱਤਾ। ਇਹ ਗਲਤੀ ਕੋਰੀਆ ਨੂੰ ਮਹਿੰਗੀ ਪਈ ਅਤੇ ਅੰਨੂ ਨੇ 21ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਭਾਰਤੀ ਡਿਫੈਂਸ 'ਤੇ ਲਗਾਤਾਰ ਦਬਾਅ ਬਣਾਉਣ ਦਾ ਫਲ ਛੇਤੀ ਹੀ ਕੋਰੀਆ ਨੂੰ ਮਿਲਿਆ।

ਪਾਰਕ ਨੇ ਮੈਚ ਦੇ 25ਵੇਂ ਮਿੰਟ ਵਿੱਚ ਕੋਰੀਆ ਲਈ ਬਰਾਬਰੀ ਕਰ ਦਿੱਤੀ। ਕੋਰੀਆ ਹਾਫ ਟਾਈਮ ਤੋਂ ਪਹਿਲਾਂ ਲੀਡ ਲੈ ਸਕਦਾ ਸੀ ਪਰ ਗੋਲਕੀਪਰ ਮਾਧੁਰੀ ਨੇ 30ਵੇਂ ਮਿੰਟ ਵਿੱਚ ਗੇਂਦ ਨੂੰ ਨੈੱਟ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਤੀਜੇ ਕੁਆਰਟਰ ਦੀ ਸ਼ੁਰੂਆਤ 'ਚ ਕੋਰੀਆ ਦੀ ਯੁਜਿਨ ਲੀ ਅਤੇ ਨੂਰਿਮ ਚੋਈ ਨੂੰ ਗ੍ਰੀਨ ਕਾਰਡ ਦਿਖਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਦੋ-ਦੋ ਮਿੰਟ ਲਈ ਮੈਦਾਨ ਛੱਡਣਾ ਪਿਆ। ਕੋਰੀਆਈ ਟੀਮ ਵਿੱਚ ਘੱਟ ਖਿਡਾਰੀ ਹੋਣ ਕਾਰਨ ਭਾਰਤ ਨੂੰ ਲੈਅ ਹਾਸਲ ਕਰਨ ਵਿੱਚ ਮਦਦ ਮਿਲੀ।

ਇਹ ਵੀ ਪੜ੍ਹੋ : ਭਾਰਤੀ ਟੀਮ ਨਾਲ ਹੋਇਆ ਧੋਖਾ, ਸ਼ੁਭਮਨ ਦੇ ਕੈਚ ਆਊਟ 'ਤੇ ਉਠੇ ਸਵਾਲ (ਵੀਡੀਓ)

ਨੂਰਿਮ ਦੇ ਫਾਊਲ ਹੋਣ ਦੇ ਇੱਕ ਮਿੰਟ ਬਾਅਦ ਨੀਲਮ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਬੜ੍ਹਤ ਦਿਵਾਈ। ਮੈਚ ਦੇ 43ਵੇਂ ਮਿੰਟ ਵਿੱਚ ਵੈਸ਼ਨਵੀ ਵਿੱਠਲ ਫਾਲਕੇ ਨੂੰ ਪੀਲਾ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ। ਕੋਰੀਆ ਤੀਸਰੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਦੋ ਪੈਨਲਟੀ ਕਾਰਨਰ ਹਾਸਲ ਕਰਨ ਦੇ ਬਾਵਜੂਦ ਭਾਰਤੀ ਕੈਂਪ ਵਿੱਚ ਇੱਕ ਖਿਡਾਰੀ ਦੇ ਨਾ ਹੋਣ ਦਾ ਫਾਇਦਾ ਨਹੀਂ ਉਠਾ ਸਕਿਆ। ਇਹ ਗਲਤੀ ਕੋਰੀਆ ਲਈ ਭਾਰੀ ਸਾਬਤ ਹੋਈ। ਲੀਡ ਲੈਣ ਤੋਂ ਬਾਅਦ ਭਾਰਤੀ ਕੁੜੀਆਂ ਨੇ ਆਖ਼ਰੀ ਕੁਆਰਟਰ ਵਿੱਚ ਵੱਧ ਤੋਂ ਵੱਧ ਗੇਂਦ ਨੂੰ ਸੰਭਾਲਣ ’ਤੇ ਧਿਆਨ ਦਿੱਤਾ।

ਮੈਚ ਖਤਮ ਹੋਣ ਤੋਂ ਪੰਜ ਮਿੰਟ ਪਹਿਲਾਂ ਅੰਨੂ ਨੂੰ ਗ੍ਰੀਨ ਕਾਰਡ ਦਿਖਾਏ ਜਾਣ ਦੇ ਬਾਵਜੂਦ ਕੋਰੀਆਈ ਟੀਮ ਗੋਲ ਦਾ ਕੋਈ ਮੌਕਾ ਨਹੀਂ ਬਣਾ ਸਕੀ। ਭਾਰਤ ਨੇ 59ਵੇਂ ਮਿੰਟ ਵਿੱਚ ਗੋਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਕੋਰੀਆਈ ਗੋਲਕੀਪਰ ਨੇ ਬਚਾ ਲਿਆ। ਆਖਰਕਾਰ, ਕੋਰੀਆ ਮੈਚ ਦੇ ਆਖਰੀ ਮਿੰਟਾਂ ਵਿੱਚ ਇੱਕ ਅਸਫਲ ਗੋਲ ਦੀ ਕੋਸ਼ਿਸ਼ ਨਾਲ ਫਾਈਨਲ 1-2 ਨਾਲ ਹਾਰ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News