ਚੌਹਾਨ ਅਤੇ ਗੁਲੀਆ ਨੂੰ ਚਾਂਦੀ, ਭਾਰਤ ਨੇ ਹੰਗਰੀ ਵਿਚ 5 ਤਮਗੇ ਜਿੱਤੇ

2/8/2020 6:03:52 PM

ਨਵੀਂ ਦਿੱਲੀ : ਪ੍ਰੈਸੀਡੈਂਟ ਕੱਪ ਵਿਚ ਚਾਂਦੀ ਤਮਗਾ ਜੇਤੂ ਗੌਰਵ ਚੌਹਾਨ (91 ਕਿ.ਗ੍ਰਾ) ਅਤੇ ਸਾਬਕਾ ਯੂਥ ਵਰਲਡ ਚੈਂਪੀਅਨ ਜੋਤੀ ਗੁਲੀਆ (51 ਕਿ.ਗ੍ਰਾ.) ਨੇ ਚਾਂਦੀ ਤਮਗੇ ਆਪਣੇ ਨਾਂ ਕੀਤੇ, ਜਿਸ ਨਾਲ ਭਾਰਤ ਨੇ ਹੰਗਰੀ ਦੇ ਡਰਬ੍ਰੇਸੇਨ ਵਿਚ 64ਵੇਂ ਬੋਕਸਕਾਈ ਮੇਮੋਰੀਅਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ 5 ਤਮਗਿਆਂ ਨਾਲ ਖਤਮ ਕੀਤੀ। ਦੱਖਣੀ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਚੌਹਾਨ ਨੂੰ ਫਾਈਨਲ ਵਿਚ ਕਜ਼ਾਕਿਸਤਾਨ ਦੇ ਏਬੇਕ ਓਰਲਬੇ ਹੱਥੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਸੈਮੀਫਾਈਨਲ ਵਿਚ ਵਾਕਓਵਰ ਮਿਲਿਆ ਸੀ। ਗੁਲੀਆ (51 ਕਿ.ਗ੍ਰਾ) ਨੇ ਵੀ ਚਾਂਦੀ ਤਮਗੇ ਨਾਲ ਸਬਰ ਕੀਤਾ, ਉਸ ਨੂੰ ਰੂਸ ਦੀ ਸੋਲੁਈਯਾਨੋਵਾ ਸ਼ਵੇਤਲਾਨਾ ਹੱਥੋਂ ਫਾਈਨਲ ਵਿਚ 2-3 ਨਾਲ ਹਾਰ ਮਿਲੀ। ਗੁਲੀਆ ਨੇ ਸੈਮੀਫਾਈਨਲ ਵਿਚ ਕੈਨੇਡਾ ਦੀ ਮੈਂਡੀ ਬੁਜੋਲਡ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। 2 ਹੋਰ ਭਾਰਤੀ ਮੁੱਕੇਬਾਜ਼ ਮਨੀਸ਼ਾ (57 ਕਿ.ਗ੍ਰਾ) ਅਤੇ ਪੀ. ਐੱਸ. ਪ੍ਰਸ਼ਾਦ (52 ਕਿ.ਗ੍ਰਾ.) ਨੇ ਵੀ ਚੈਂਪੀਅਨਸ਼ਿਪ ਵਿਚ ਚਾਂਦੀ ਤਮਗੇ ਹਾਸਲ ਕੀਤੇ ਸੀ। ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਮਨੀਸ਼ਾ ਨੂੰ ਫਾਈਨਲ ਵਿਚ ਵਰਲਡ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਰੂਸ ਦੀ ਲਿਯੂਡਮਿਲਾ ਵੋਰੋਂਤਸੋਵਾ ਹੱਥੋਂ ਮਿਲੀ ਸੀ। ਪ੍ਰਸ਼ਾਦ ਨੂੰ ਕਜ਼ਾਕਿਸਤਾਨ ਦੇ ਮਖਮੂਦ ਸਬ੍ਰਿਖਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਚਿਨ ਨੇ ਚੈਂਪੀਅਨਸ਼ਿਪ ਦੇ 57 ਕਿ.ਗ੍ਰਾ ਭਾਰ ਵਰਗ ਵਿਚ ਕਾਂਸੀ ਤਮਗਾ ਜਿੱਤਿਆ।