ਆਸਟ੍ਰੇਲੀਆ-ਏ ਵਿਰੁੱਧ ਭਾਰਤੀ ਮਹਿਲਾ-ਏ ਟੀਮ ਹਾਰ ਦੇ ਕੰਡੇ ’ਤੇ
Sunday, Aug 25, 2024 - 10:16 AM (IST)
ਗੋਲਡ ਕੋਸਟ (ਆਸਟ੍ਰੇਲੀਆ)–ਆਸਟ੍ਰੇਲੀਆ-ਏ ਮਹਿਲਾ ਟੀਮ ਦੀਆਂ ਸਪਿਨਰਾਂ ਨੇ ਗੈਰ-ਅਧਿਕਾਰਤ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੱਥੇ ਭਾਰਤ ਦੀ ਦੂਜੀ ਪਾਰੀ ਵਿਚ ਸ਼ਿਕੰਜਾ ਕੱਸ ਦਿੱਤਾ, ਜਿਸ ਨਾਲ ਟੀਮ ’ਤੇ ਹਾਰ ਦਾ ਖਤਰਾ ਮੰਡਰਾ ਰਿਹਾ ਹੈ। ਜਿੱਤ ਲਈ 289 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸਿਰਫ 149 ਦੌੜਾਂ ਤੱਕ 6 ਵਿਕਟਾਂ ਗੁਆ ਦਿੱਤੀਆਂ ਹਨ। ਸਟੰਪਸ ਦੇ ਸਮੇਂ ਰਘਵੀ ਬਿਸ਼ਟ (ਅਜੇਤੂ 16) ਦੇ ਨਾਲ ਓਮਾ ਸ਼ੇਤਰੀ (ਅਜੇਤੂ 10) ਕ੍ਰੀਜ਼ ’ਤੇ ਮੌਜੂਦ ਸੀ। ਭਾਰਤ-ਏ ਨੂੰ ਜਿੱਤ ਲਈ ਅਜੇ ਵੀ 140 ਦੌੜਾਂ ਦੀ ਲੋੜ ਹੈ ਤੇ ਉਸਦੀਆਂ 4 ਵਿਕਟਾਂ ਬਾਕੀ ਹਨ।
ਇਸ ਤੋਂ ਪਹਿਲਾਂ ਮੈਡੀ ਡਾਰਕੇ ਦੀਆਂ ਅਜੇਤੂ 105 ਦੌੜਾਂ ਦੇ ਦਮ ’ਤੇ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ਵਿਚ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ 260 ਦੌੜਾਂ ਬਣਾਈਆਂ। ਆਸਟਰੇਲੀਆ-ਏ ਨੇ ਦਿਨ ਦੀ ਸ਼ੁਰੂਆਤ 7 ਵਿਕਟਾਂ ’ਤੇ 164 ਦੌੜਾਂ ਤੋਂ ਕੀਤੀ ਸੀ। ਡਾਰਕੇ ਨੇ ਇਕ ਪਾਸਾ ਸੰਭਾਲਦੇ ਹੋਏ ਪੁਛੱਲੇ ਬੱਲੇਬਾਜ਼ਾਂ ਦੇ ਨਾਲ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਇਸ ਦੌਰਾਨ ਉਸ ਨੇ ਗ੍ਰੇਸ ਪਿਅਰਸਨ (35) ਨਾਲ 9ਵੀਂ ਵਿਕਟ ਲਈ 75 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।