ਅੰਡਰ15 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਭਾਰਤ ਨੇ ਜਿੱਤੇ 13 ਸੋਨ ਤਮਗੇ
Monday, Nov 25, 2019 - 01:11 AM (IST)

ਤਾਈਚੁੰਗ— ਸਾਗਰ ਜਗਲਾਨ ਨੇ 1-6 ਨਾਲ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅੰਡਰ-15 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫ੍ਰੀ-ਸਟਾਈਲ 68 ਕਿ. ਗ੍ਰਾ. ਭਾਰ ਵਰਗ 'ਚ ਸੋਨ ਤਮਗਾ ਜਿੱਤਿਆ। ਭਾਰਤ ਨੇ ਟੂਰਨਾਮੈਂਟ 'ਚ 13 ਸੋਨ ਤਮਗਿਆਂ ਸਮੇਤ 28 ਤਮਗੇ ਜਿੱਤੇ। ਟੂਰਨਾਮੈਂਟ ਦੇ ਆਖਰੀ ਦਿਨ 2019 ਕੈਡੇਟ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਦੀਪਕ ਚਾਹਲ ਦੀ ਅਗਵਾਈ 'ਚ ਫ੍ਰੀ-ਸਟਾਈਲ ਵਰਗ ਵਿਚ ਭਾਰਤੀ ਪਹਿਲਵਾਨਾਂ ਨੇ ਚਾਰ ਸੋਨ ਤਮਗੇ ਜਿੱਤੇ। ਚਾਹਲ ਨੇ 75 ਕਿ. ਗ੍ਰਾ. 'ਚ ਸੋਨ ਤਮਗਾ ਜਿੱਤਿਆ, ਨਾਲ ਹੀ ਹਰਿਆਣਾ ਦੇ ਵਿਸ਼ਾਲ (62 ਕਿ. ਗ੍ਰਾ.), ਸਾਗਰ ਤੇ ਮੱਧ ਪ੍ਰਦੇਸ਼ ਦੇ ਜਤਿਨ (85 ਕਿ. ਗ੍ਰਾ.) ਨੇ ਵੀ ਸੋਨ ਦਾ ਤਮਗਾ ਹਾਸਲ ਕੀਤਾ।
ਭਾਰਤੀ ਪਹਿਲਵਾਨਾਂ 'ਚ ਸਾਗਰ ਸਭ ਤੋਂ ਪ੍ਰਭਾਵਸ਼ਾਲੀ ਰਹੇ। ਉਹ ਕਜ਼ਾਕਿਸਤਾਨ ਦਾ ਬੇਕਸੁਲਤਾਨੋਵ ਯਾਰਖਨ ਵਿਰੁੱਧ 1-6 ਨਾਲ ਪਿਛੜ ਰਹੇ ਸੀ ਪਰ ਉਸ ਨੇ ਆਖਰੀ 20 ਸੈਂਕਿੰਡ 'ਚ 7-6 ਨਾਲ ਬਾਊਟ ਆਪਣਾ ਕਰ ਲਿਆ। ਫ੍ਰੀ-ਸਟਾਈਲ 'ਤ 10 ਪਹਿਲਵਾਨਾਂ ਦੇ ਸੋਨ ਤਮਗੇ ਦੇ ਦਮ 'ਤੇ ਭਾਰਤੀ ਟੀਮ 225 ਅੰਕਾਂ ਦੇ ਨਾਲ ਪਹਿਲੀ ਵਾਰ ਫ੍ਰੀ-ਸਟਾਈਲ ਟੀਮ ਰੈਂਕਿੰਗ 'ਚ ਚੋਟੀ 'ਤੇ ਰਹੀ। ਕਜ਼ਾਕਿਸਤਾਨ ਦੂਜੇ ਜਦਕਿ ਜਾਪਾਨ ਤੀਜੇ ਸਥਾਨ 'ਤੇ ਰਿਹਾ।