ਸ਼੍ਰੀਲੰਕਾ ਵਿਰੁੱਧ ਲੜੀ ਜਿੱਤਣ ਉਤਰੇਗਾ ਭਾਰਤ, ਗਿੱਲ ਤੇ ਚਾਹਲ ''ਤੇ ਟਿਕੀਆਂ ਰਹਿਣਗੀਆਂ ਨਜ਼ਰਾਂ
Thursday, Jan 05, 2023 - 12:36 PM (IST)
ਪੁਣੇ (ਭਾਸ਼ਾ)– ਭਾਰਤ ਵੀਰਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਵਿਚ ਸ਼੍ਰੀਲੰਕਾ ਨੂੰ ਹਰਾ ਕੇ ਤਿੰਨ ਮੈਚਾਂ ਦੀ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਤਾਂ ਨਜ਼ਰਾਂ ਸ਼ੁਭਮਨ ਗਿੱਲ ਦੇ ਪਾਵਰ ਪਲੇਅ ਵਿਚ ਪ੍ਰਦਰਸ਼ਨ ’ਤੇ ਵੀ ਟਿਕੀਆਂ ਹੋਣਗੀਆਂ, ਜਿਹੜਾ ਤੇਜ਼ੀ ਨਾਲ ਦੌੜਾਂ ਬਣਾ ਕੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੇਗਾ। ਸਲਾਮੀ ਬੱਲੇਬਾਜ਼ ਦੇ ਸਥਾਨ ਲਈ ਗਿੱਲ ਦਾ ਨੇੜਲਾ ਵਿਰੋਧੀ ਰਿਤੂਰਾਜ ਗਾਇਕਵਾੜ ਹੈ ਤੇ ਉਹ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ, ਜਿਸ ਨਾਲ ਕਿ ਮੌਕੇ ਉਸਦੀ ਝੋਲੀ ਵਿਚ ਹੀ ਆਉਣ।
ਭਾਰਤ ਵਾਨਖੇੜੇ ਸਟੇਡੀਅਮ ਵਿਚ ਪਹਿਲੇ ਮੈਚ ਵਿਚ ਵੱਡਾ ਸਕੋਰ ਖੜ੍ਹਾ ਕਰਨ ਵਿਚ ਅਸਫਲ ਰਹਿਣ ਦੇ ਬਾਵਜੂਦ 2 ਦੌੜਾਂ ਨਾਲ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਇਸ ਸਾਲ ਵਨ ਡੇ ਵਿਸ਼ਵ ਕੱਪ ਹੋਣਾ ਹੈ ਤੇ ਅਜਿਹੇ ਵਿਚ ਟੀ-20 ਸਵਰੂਪ ਪਹਿਲਕਦਮੀ ਨਹੀਂ ਹੈ ਪਰ ਗਿੱਲ ਆਪਣੇ ਤੋਂ ਪਹਿਲਾਂ ਵਾਲੇ ਪੁਰਾਣੇ ਖਿਡਾਰੀਆਂ ਦੀਆਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਚਾਹੇਗਾ। ਗਿੱਲ ਦਾ 96 ਟੀ-20 ਮੈਚ (ਜ਼ਿਆਦਾਤਰ ਆਈ. ਪੀ. ਐੱਲ. ਤੇ ਸਈਅਦ ਮੁਸ਼ਤਾਕ ਅਲੀ ਵਿਚ) ਖੇਡਣ ਦੇ ਬਾਵਜੂਦ ਕਰੀਅਰ ਸਟ੍ਰਾਈਕ ਰੇਟ 128.74 ਦੀ ਹੈ ਤੇ ਆਪਣੇ ਡੈਬਿਊ ਮੈਚ ਵਿਚ ਵੀ ਉਹ ਲੈਅ ਵਿਚ ਨਹੀਂ ਦਿਸਿਆ। ਕੋਲਕਾਤਾ ਨਾਈਟ ਰਾਈਡਰਜ਼ ਲਈ ਕਾਫੀ ਵਾਰ ਪਾਰੀ ਦਾ ਆਗਾਜ਼ ਕਰਨ ਵਾਲਾ ਗਿੱਲ ਹੁਣ ਗੁਜਰਾਤ ਟਾਈਟਨਸ ਦੇ ਚੋਟੀਕ੍ਰਮ ਦਾ ਅਟੁੱਟ ਹਿੱਸਾ ਹੈ। ਉਹ ਹਾਲਾਂਕਿ ਟਿਕਣ ਤੋਂ ਬਾਅਦ ਆਪਣੀ ਰਨ ਰਨ ਨੂੰ ਵਧਾਉਣ ਨੂੰ ਤਰਜੀਹ ਦਿੰਦਾ ਹੈ ਤੇ ਇਸੇ ਰਵੱਈਏ ਦੇ ਕਾਰਨ ਲੋਕੇਸ਼ ਰਾਹੁਲ ਨੇ ਟੀ-20 ਟੀਮ ਵਿਚ ਆਪਣੀ ਜਗ੍ਹਾ ਗੁਆਈ। ਹਾਲ ਹੀ ਦੇ ਸਮੇਂ ਦੇ ਹਰੇਕ ਭਾਰਤੀ ਕਪਤਾਨ ਦੀ ਤਰ੍ਹਾਂ ਪੰਡਯਾ ਨੇ ਚੋਟੀਕ੍ਰਮ ’ਤੇ ਨਿਡਰ ਰਵੱਈਏ ਦਾ ਵਾਅਦਾ ਕੀਤਾ ਹੈ ਪਰ ਇਸਦੇ ਲਈ ਹਰੇਕ ਖਿਡਾਰੀ ਨੂੰ ਅਜਿਹਾ ਰਵੱਈਆ ਦਿਖਾਉਣਾ ਪਵੇਗਾ। ਭਾਰਤ ਕੋਲ ਟੀ-20 ਸਵਰੂਪ ਵਿਚ ਕਾਫੀ ਪ੍ਰਤਿਭਾਸ਼ਾਲੀ ਖਿਡਾਰੀ ਹਨ। ਰਿਤੂਰਾਜ ਤੇ ਰਾਹੁਲ ਤ੍ਰਿਪਾਠੀ ਵਰਗੇ ਬੱਲੇਬਾਜ਼ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਹਨ। ਉਮੀਦ ਹੈ ਕਿ ਗਿੱਲ ਤੇ ਇਸ਼ਾਨ ਕਿਸ਼ਨ ਨੂੰ ਲੜੀ ਦੇ ਤਿੰਨੇ ਮੈਚਾਂ ਵਿਚ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲੇਗਾ ਤੇ ਪਾਵਰਪਲੇਅ ਵਿਚ ਇਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਬਾਅਦ ਵਿਚ ਆਉਣ ਵਾਲੇ ਬੱਲੇਬਾਜ਼ਾਂ ਨੂੰ ਨਿਡਰ ਹੋ ਕੇ ਖੇਡਣ ਦਾ ਆਤਮਵਿਸ਼ਵਾਸ ਦੇ ਸਕਦਾ ਹੈ।
ਬੱਲੇਬਾਜ਼ੀ ਇਕਾਈ ਦੂਜੇ ਮੈਚ ਵਿਚ ਵਧੇਰੇ ਦੌੜਾਂ ਬਣਾਉਣਾ ਚਾਹੇਗੀ ਤੇ ਕਾਫੀ ਕੁਝ ਨਵੇਂ ਉਪ ਕਪਤਾਨ ਸੂਰਯਕੁਮਾਰ ਯਾਦਵ ’ਤੇ ਵੀ ਨਿਰਭਰ ਰਹੇਗਾ ਜਿਹੜਾ ਪਹਿਲੇ ਮੈਚ ਵਿਚ ਸਸਤੇ ਵਿਚ ਪੈਵੇਲੀਅਨ ਪਰਤ ਗਿਆ ਸੀ। ਭਾਰਤੀ ਬੱਲੇਬਾਜਾਂ ਨੂੰ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਵਿਰੁੱਧ ਦੌੜਾਂ ਬਣਾਉਣ ਦਾ ਤਰੀਕਾ ਲੱਭਣਾ ਪਵੇਗਾ, ਜਿਹੜੇ ਸਪਿਨਰਾਂ ਵਾਨਿੰਦੂ ਹਸਰੰਗਾ ਤੇ ਮਹੇਸ਼ ਤੀਕਸ਼ਣਾ ’ਤੇ ਵਧੇਰੇ ਨਿਰਭਰ ਹਨ। ਇਨ੍ਹਾਂ ਦੋਵਾਂ ਨੇ ਮੁੰਬਈ ਵਿਚ ਪਹਿਲੇ ਮੈਚ ਵਿਚ ਮਿਲ ਕੇ ਅੱਠ ਓਵਰਾਂ ਵਿਚ ਸਿਰਫ 51 ਦੌੜਾਂ ’ਤੇ 2 ਵਿਕਟਾਂ ਲਈਆਂ। ਦੀਪਕ ਹੁੱਡਾ ਤੇ ਅਕਸ਼ਰ ਪਟੇਲ ਨੇ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ। ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਦੇ ਯਾਦਗਰ ਪ੍ਰਦਰਸ਼ਨ ਨਾਲ ਕਪਤਾਨ ਪੰਡਯਾ ਨੂੰ ਸੁੱਖ ਦਾ ਸਾਹ ਮਿਲਿਆ ਹੋਵੇਗਾ। ਪੰਡਯਾ ਨੇ ਵੀ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਪ੍ਰਭਾਵਿਤ ਕੀਤਾ। ਮਾਵੀ (22 ਦੌੜਾਂ ’ਤੇ 4 ਵਿਕਟਾਂ) ਦੀ ਸਵਿੰਗ ਤੇ ਉਮਰਾਨ ਗਿੱਲ (27 ਦੌੜਾਂ 2 ਵਿਕਟਾਂ) ਦੀ ਗਤੀ ਨਾਲ ਗੇਂਦਬਾਜ਼ੀ ਵਿਚ ਵਿਲੱਖਣਤਾ ਆਈ ਹੈ ਤੇ 2024 ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ’ਤੇ ਨਿਵੇਸ਼ ਕੀਤਾ ਜਾ ਸਕਦਾ ਹੈ। ਚਿੰਤਾ ਦੀ ਗਲ ਹਾਲਾਂਕਿ ਲੈੱਗ ਸਪਿਨਰ ਯੁਜਵੇਂਦਰ ਚਾਹਲ ਹੈ, ਜਿਹੜਾ ਉਸਦਾ ਟੀ-20 ਵਿਸ਼ਵ ਕੱਪ ਵਿਚ ਮੌਕਾ ਨਾ ਮਿਲਣ ਤੋਂ ਬਾਅਦ ਮਨੋਬਲ ਸੰਭਾਵਿਤ ਡਿੱਗਿਆ ਹੈ। ਚਾਹਲ ਨੇ ਪਹਿਲੇ ਮੈਚ ਵਿਚ 2 ਓਵਰਾਂ ਵਿਚ 26 ਦੌੜਾਂ ਦਿੱਤੀਆਂ, ਜਿਸ ਤੋਂ ਬਾਅਦ ਕਪਤਾਨ ਨੇ ਉਸ ਨੂੰ ਆਪਣੇ ਕੋਟੇ ਦੇ ਆਧਾਰ ’ਤੇ ਓਵਰ ਪੂਰੇ ਕਰਨ ਦਾ ਮੌਕਾ ਨਹੀਂ ਦਿੱਤਾ।