ਬੰਗਲਾਦੇਸ਼ ਖ਼ਿਲਾਫ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ ਭਾਰਤ

Sunday, Oct 26, 2025 - 12:03 AM (IST)

ਬੰਗਲਾਦੇਸ਼ ਖ਼ਿਲਾਫ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ ਭਾਰਤ

ਨਵੀ ਮੁੰਬਈ- ਮੁਸ਼ਕਿਲ ਹਾਲਾਤ ’ਚੋਂ ਲੰਘਣ ਤੋਂ ਬਾਅਦ ਮਹਿਲਾ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰਨ ਵਾਲਾ ਭਾਰਤ ਇਸ ਮਹੱਤਵਪੂਰਨ ਮੈਚ ਤੋਂ ਪਹਿਲਾਂ ਐਤਵਾਰ ਨੂੰ ਇਥੇ ਬੰਗਲਾਦੇਸ਼ ਖ਼ਿਲਾਫ ਹੋਣ ਵਾਲੇ ਆਪਣੇ ਆਖਰੀ ਲੀਗ ਮੈਚ ’ਚ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ।

ਇੰਦੋਰ ’ਚ ਸ਼ਨੀਵਾਰ ਨੂੰ ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਅੰਕ ਸੂਚੀ ’ਚ ਟਾਪ ਸਥਾਨ ਪ੍ਰਾਪਤ ਕੀਤਾ ਅਤੇ 30 ਅਕਤੂਬਰ ਨੂੰ ਇਥੇ ਸੈਮੀਫਾਈਨਲ ’ਚ ਭਾਰਤ ਦਾ ਸਾਹਮਣਾ ਕਰੇਗਾ। ਬੰਗਲਾਦੇਸ਼ ਖ਼ਿਲਾਫ ਜਿੱਤ ਦਰਜ ਕਰਨ ਦੇ ਬਾਵਜੂਦ ਭਾਰਤ ਚੌਥੇ ਸਥਾਨ ’ਤੇ ਹੀ ਰਹੇਗਾ। ਭਾਰਤ ਬੰਗਲਾਦੇਸ਼ ’ਤੇ ਜਿੱਤ ਨਾਲ ਵੱਧ ਤੋਂ ਵੱਧ 8 ਅੰਕ ਤੱਕ ਪਹੁੰਚ ਸਕਦਾ ਹੈ ਪਰ ਉਹ ਇੰਗਲੈਂਡ ਤੋਂ ਪਿੱਛੇ ਰਹੇਗਾ, ਜੋ 9 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਜੇਕਰ ਉਹ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਹਰਾਉਂਦਾ ਹੈ ਤਾਂ ਉਸ ਦੇ ਅੰਕ 11 ਹੋ ਜਾਣਗੇ।

ਭਾਰਤੀ ਟੀਮ ’ਤੇ ਇਕ ਸਮੇਂ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ ਪਰ ਉਸ ਨੇ ਪਿਛਲੇ ਮੈਚ ’ਚ ਨਿਊਜ਼ੀਲੈਂਡ ਦੀ ਚੁਣੌਤੀ ਨੂੰ ਨਾਕਾਮ ਕਰਨ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ ਅਤੇ ਮੀਂਹ ਨਾਲ ਪ੍ਰਭਾਵਿਤ ਮੈਚ ਵਿਚ 53 ਦੌੜਾਂ ਨਾਲ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ।

ਇਹ ਮੈਚ ਹਾਲਾਂਕਿ ਉਸ ਦੀ ਪੂਰੀ ਤਰ੍ਹਾਂ ਪ੍ਰੀਖਿਆ ਨਹੀਂ ਲੈ ਸਕਿਆ। ਭਾਰਤ ਨੇ ਬੱਲੇਬਾਜ਼ੀ ਲਈ ਅਨੁਕੂਲ ਹਾਲਾਤ ਦਾ ਪੂਰਾ ਫ਼ਾਇਦਾ ਉਠਾਇਆ ਅਤੇ ਸਮ੍ਰਿਤੀ ਮੰਦਾਨਾ ਅਤੇ ਪ੍ਰਤੀਕਾ ਰਾਵਲ ਦੇ ਸੈਂਕੜਿਅਾਂ ਦੀ ਮਦਦ ਨਾਲ 49 ਓਵਰਾਂ ਵਿਚ 3 ਵਿਕਟਾਂ ’ਤੇ 340 ਦੌੜਾਂ ਬਣਾਏ। ਜੇਮਿਮਾ ਰੌਡਰਿਗਜ਼ ਨੇ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ ਅਜੇਤੂ 76 ਦੌੜਾਂ ਦੀ ਪਾਰਟੀ ਖੇਡ ਕੇ ਟੀਮ ਨੂੰ ਜ਼ਰੂਰੀ ਰਫ਼ਤਾਰ ਦਿੱਤੀ।

ਬਰਸਾਤ ਕਾਰਨ ਨਿਊਜ਼ੀਲੈਂਡ ਦੇ ਸਾਹਮਣੇ 44 ਓਵਰਾਂ ਵਿਚ 325 ਦੌੜਾਂ ਦਾ ਟੀਚਾ ਰੱਖਿਆ ਗਿਆ ਪਰ ਉਸ ਦੀ ਟੀਮ ਸਿਰਫ਼ 8 ਵਿਕਟਾਂ ’ਤੇ 271 ਦੌੜਾਂ ਹੀ ਬਣਾ ਸਕੀ। ਰੇਣੁਕਾ ਸਿੰਘ ਠਾਕੁਰ ਨੇ ਸ਼ੁਰੂ ’ਚ 2 ਵਿਕਟ ਲੈ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਐਤਵਾਰ ਨੂੰ ਵੀ ਬਰਸਾਤ ਦੀ ਭਵਿੱਖਵਾਣੀ ਕੀਤੀ ਗਈ ਹੈ। ਇਸ ਲਈ ਜੇਕਰ ਭਾਰਤ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਉਹ ਵੱਡਾ ਸਕੋਰ ਬਣਾਉਣਾ ਚਾਹੇਗਾ ਅਤੇ ਉਸ ਦੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਬਦਲਣ ਦੀ ਕੋਸ਼ਿਸ਼ ਕਰਨਗੇ।

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਹੁਣ ਤੱਕ ਟੂਰਨਾਮੈਂਟ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ ਅਤੇ ਉਹ ਸੈਮੀਫਾਈਨਲ ਤੋਂ ਪਹਿਲਾਂ ਵੱਡੀ ਪਾਰੀ ਖੇਡਣ ਲਈ ਉਤਸਾਹਿਤ ਹੋਵੇਗੀ। ਹੁਣ ਤੱਕ ਇੰਦੋਰ ’ਚ ਇੰਗਲੈਂਡ ਖ਼ਿਲਾਫ ਹਰਮਨਪ੍ਰੀਤ ਦੀ 70 ਦੌੜਾਂ ਦੀ ਪਾਰੀ ਹੀ ਇੱਕੋ-ਇਕ ਸਨਮਾਨਯੋਗ ਸਕੋਰ ਰਿਹਾ। ਬੰਗਲਾਦੇਸ਼ ਦਾ ਇਸ ਵਿਸ਼ਵ ਕੱਪ ’ਚ ਅਭਿਆਨ ਕੁਝ ਦਿਨ ਪਹਿਲਾਂ ਡੀਵਾਈ ਪਾਟਿਲ ’ਚ ਸ਼੍ਰੀਲੰਕਾ ਖ਼ਿਲਾਫ ਆਖਰੀ ਓਵਰ ਵਿਚ 9 ਦੌੜਾਂ ਬਣਾਉਣ ’ਚ ਨਾਕਾਮ ਰਹਿਣ ਨਾਲ ਸਮਾਪਤ ਹੋ ਗਿਆ ਸੀ।


author

Hardeep Kumar

Content Editor

Related News