ਭਾਰਤੀ ਮਹਿਲਾ ਟੀਮ ਨੂੰ ਝਟਕਾ, ਪ੍ਰਤਿਕਾ ਰਾਵਲ ਵਨ ਡੇ ਵਿਸ਼ਵ ਕੱਪ ’ਚੋਂ ਬਾਹਰ
Tuesday, Oct 28, 2025 - 12:10 AM (IST)
ਨੈਸ਼ਨਲ ਡੈਸਕ–ਫਾਰਮ ਵਿਚ ਚੱਲ ਰਹੀ ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ ਗੋਡੇ ਤੇ ਗਿੱਟੇ ਦੀ ਸੱਟ ਕਾਰਨ ਸੋਮਵਾਰ ਨੂੰ ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿਚੋਂ ਬਾਹਰ ਹੋ ਗਈ, ਜਿਸ ਨਾਲ ਭਾਰਤੀ ਟੀਮ ਨੂੰ ਕਰਾਰਾ ਝਟਕਾ ਲੱਗਾ ਹੈ।ਬੰਗਲਾਦੇਸ਼ ਵਿਰੁੱਧ ਡੀ. ਵਾਈ. ਪਾਟਿਲ ਸਟੇਡੀਅਮ ਵਿਚ ਭਾਰਤ ਦੇ ਆਖਰੀ ਲੀਗ ਮੈਚ ਦੌਰਾਨ ਪ੍ਰਤਿਕਾ ਦਾ ਸੱਜਾ ਗਿੱਟਾ ਮੁੜ ਗਿਆ ਸੀ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਦੱਸਿਆ, ‘‘ਉਹ ਜਿਸ ਤਰ੍ਹਾਂ ਡਿੱਗੀ ਸੀ, ਉਸ ਤੋਂ ਸਾਫ ਹੋ ਗਿਆ ਸੀ ਕਿ ਉਹ ਨਾਕਆਊਟ ਮੈਚਾਂ ਲਈ ਉਪਲੱਬਧ ਨਹੀਂ ਹੋਵੇਗੀ। ਇਹ ਬੇਹੱਦ ਮੰਦਭਾਗਾ ਹੈ।’’
21ਵੇਂ ਓਵਰ ਦੀ ਆਖਰੀ ਗੇਂਦ ’ਤੇ ਜਦੋਂ ਪ੍ਰਤਿਕਾ ਗੇਂਦ ਰੋਕਣ ਲਈ ਡੀਪ ਮਿਡਵਿਕਟ ਤੋਂ ਦੌੜੀ ਤਾਂ ਉਸਦਾ ਸੱਜਾ ਪੈਰ ਗਿੱਲੇ ਮੈਦਾਨ ’ਤੇ ਤਿਲਕ ਗਿਆ ਤੇ ਉਹ ਦਰਦ ਨਾਲ ਰੋਂਦੀ ਹੋਈ ਡਿੱਗ ਪਈ। ਭਾਰਤੀ ਖਿਡਾਰਨਾਂ ਭੱਜ ਕੇ ਪ੍ਰਤਿਕਾ ਕੋਲ ਪਹੁੰਚੀਆਂ ਤੇ ਇਕ ਸਟ੍ਰੈਚਰ ਵੀ ਮੈਦਾਨ ’ਤੇ ਲਿਆਂਦਾ ਗਿਆ ਪਰ ਇਹ 25 ਸਾਲਾ ਖਿਡਾਰਨ ਸਹਿਯੋਗੀ ਸਟਾਫ ਦੀ ਮਦਦ ਨਾਲ ਮੈਦਾਨ ਵਿਚੋਂ ਬਾਹਰ ਚਲੀ ਗਈ।
ਪ੍ਰਤਿਕਾ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਫਾਰਮ ਵਿਚ ਰਹੀ ਹੈ ਤੇ ਉਸ ਨੇ 6 ਪਾਰੀਆਂ ਵਿਚ 51.33 ਦੀ ਔਸਤ ਨਾਲ 308 ਦੌੜਾਂ ਬਣਾਈਆਂ ਹਨ। ਉਸ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਪਹਿਲਾ ਵਿਸ਼ਵ ਕੱਪ ਸੈਂਕੜਾ ਲਾਇਆ। ਇਸ ਦੌਰਾਨ ਉਹ ਮਹਿਲਾ ਵਨ ਡੇ ਵਿਚ ਸਾਂਝੇ ਤੌਰ ’ਤੇ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲੀ ਖਿਡਾਰਨ ਵੀ ਬਣੀ।
ਪ੍ਰਤਿਕਾ ਨੇ ਚੋਟੀਕ੍ਰਮ ਵਿਚ ਸਮ੍ਰਿਤੀ ਮੰਧਾਨਾ ਦੇ ਨਾਲ ਚੰਗੀਆਂ ਸਾਂਝੇਦਾਰੀਆਂ ਕੀਤੀਆਂ। ਭਾਰਤ ਵੀਰਵਾਰ ਨੂੰ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਆਸਟ੍ਰੇਲੀਆ ਨਾਲ ਭਿੜੇਗਾ ਜਦਕਿ ਫਾਈਨਲ ਐਤਵਾਰ ਨੂੰ ਹੋਵੇਗਾ।
ਰਿਚਾ ਘੋਸ਼ ਦੀ ਫਿਟਨੈੱਸ ’ਤੇ ਵੀ ਸ਼ੱਕੀ ਸਥਿਤੀ ਬਣੀ ਹੋਈ ਹੈ। ਨਿਊਜ਼ੀਲੈਂਡ ਵਿਰੁੱਧ ਇਸ ਵਿਕਟਕੀਪਰ ਬੱਲੇਬਾਜ਼ ਦੀ ਉਂਗਲੀ ਵਿਚ ਸੱਟ ਲੱਗ ਗਈ ਸੀ ਤੇ ਇਸ ਤੋਂ ਬਾਅਦ ਉਹ ਬੰਗਲਾਦੇਸ਼ ਵਿਰੁੱਧ ਮੈਚ ਵਿਚੋਂ ਬਾਹਰ ਹੋ ਗਈ ਸੀ।
