3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ: ਭਾਰਤ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਨਾਲ ਕਰੇਗਾ ਨਵੀਂ ਸ਼ੁਰੂਆਤ
Friday, Nov 18, 2022 - 10:40 AM (IST)

ਵੇਲਿੰਗਟਨ (ਭਾਸ਼ਾ)- ਆਪਣੀਆਂ ਗਲਤੀਆਂ ਤੋਂ ਸਿੱਖਣ 'ਚ ਨਾਕਾਮ ਰਹਿਣ ਤੋਂ ਬਾਅਦ ਭਾਰਤ ਸ਼ੁੱਕਰਵਾਰ ਤੋਂ ਇੱਥੇ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ 'ਨੌਜਵਾਨ ਅਤੇ ਨਿਡਰ' ਖਿਡਾਰੀਆਂ ਦੀ ਮਦਦ ਨਾਲ ਆਪਣੀ ਪੁਰਾਣੀ ਖੇਡ ਸ਼ੈਲੀ ਨੂੰ ਬਦਲਣ ਦੇ ਟੀਚਾ ਨਾਲ ਉਤਰੇਗਾ। ਪਿਛਲੇ ਸਾਲ ਯੂਏਈ ਵਿੱਚ ਵਿਸ਼ਵ ਕੱਪ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤ ਨੇ ਬੱਲੇਬਾਜ਼ੀ ਵਿਚ ਹਮਲਾਵਰ ਸ਼ੈਲੀ ਅਪਣਾਈ ਸੀ ਪਰ ਜਦੋਂ ਅਗਲਾ ਵਿਸ਼ਵ ਕੱਪ ਆਇਆ ਤਾਂ ਸਿਖਰਲੇ ਕ੍ਰਮ ਦੇ ਬੱਲੇਬਾਜ਼ ਖ਼ਰਾਬ ਫਾਰਮ ਨਾਲ ਜੂਝਦੇ ਰਹੇ ਅਤੇ ਵਿਰੋਧੀ ਗੇਂਦਬਾਜ਼ਾਂ ਖ਼ਿਲਾਫ਼ ਖੁੱਲ੍ਹ ਕੇ ਨਹੀਂ ਖੇਡ ਸਕੇ। ਇਸ ਤਰ੍ਹਾਂ ਆਈਸੀਸੀ ਟਰਾਫੀ ਜਿੱਤਣ ਲਈ ਭਾਰਤ ਦਾ ਨੌਂ ਸਾਲਾਂ ਦਾ ਇੰਤਜ਼ਾਰ ਜਾਰੀ ਰਿਹਾ। ਅਗਲੇ ਟੀ-20 ਵਿਸ਼ਵ ਕੱਪ ਵਿੱਚ ਅਜੇ ਦੋ ਸਾਲ ਬਾਕੀ ਹਨ। ਅਗਲੇ ਟੀ-20 ਵਿਸ਼ਵ ਕੱਪ 'ਚ ਟੀਮ ਦੇ ਸੰਭਾਵਿਤ ਕਪਤਾਨ ਹਾਰਦਿਕ ਪੰਡਯਾ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਟੀਮ ਦੀ ਅਗਵਾਈ ਕਰ ਰਹੇ ਹਨ। ਕਾਰਜਕਾਰੀ ਮੁੱਖ ਕੋਚ ਵੀਵੀਐਸ ਲਕਸ਼ਮਣ ਨੇ ਸੰਕੇਤ ਦਿੱਤਾ ਹੈ ਕਿ ਪ੍ਰਬੰਧਨ ਆਧੁਨਿਕ ਖੇਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਰਫ ਟੀ-20 ਮਾਹਰਾਂ ਨੂੰ ਸ਼ਾਮਲ ਕਰਨ ਲਈ ਉਤਸੁਕ ਹੈ।
ਅਗਲੇ ਸਾਲ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਨੂੰ ਲੈ ਕੇ ਹੁਣ ਫੋਕਸ ਵਨ-ਡੇ ਫਾਰਮੈਟ 'ਤੇ ਜ਼ਿਆਦਾ ਰਹੇਗਾ ਪਰ ਭਾਰਤ ਇੱਥੇ ਹੋਣ ਵਾਲੇ ਤਿੰਨ ਅਤੇ ਫਿਰ ਆਪਣੀ ਮੇਜ਼ਬਾਨੀ ਵਿਚ ਹੋਣ ਵਾਲੇ ਵਿਸ਼ਵ ਕੱਪ ਤੱਕ 9 ਹੋਰ ਟੀ-20 ਮੈਚਾਂ ਦਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ। ਵਿਰਾਟ ਕੋਹਲੀ ਆਸਟਰੇਲੀਆ ਵਿੱਚ ਵਧੀਆ ਫਾਰਮ ਵਿੱਚ ਸੀ ਪਰ ਪਾਵਰਪਲੇ ਵਿੱਚ ਜਨੂੰਨ ਦੀ ਘਾਟ ਕਾਰਨ ਰੋਹਿਤ ਅਤੇ ਕੇ.ਐੱਲ. ਰਾਹੁਲ ਦੀ ਆਲੋਚਨਾ ਹੋਈ। ਸੰਭਾਵਨਾ ਹੈ ਕਿ ਇਹ ਤਿੰਨੋਂ 2024 ਟੂਰਨਾਮੈਂਟ ਤੱਕ ਛੋਟੇ ਫਾਰਮੈਟ ਵਿੱਚ ਨਹੀਂ ਖੇਡਣਗੇ ਅਤੇ ਅਜਿਹੀ ਸਥਿਤੀ ਵਿੱਚ ਭਾਰਤ ਨੂੰ ਭਵਿੱਖ ਲਈ ਯੋਜਨਾ ਬਣਾਉਣੀ ਪਵੇਗੀ। ਇੱਥੇ ਹੋਣ ਵਾਲੇ ਪਹਿਲੇ ਮੈਚ ਵਿੱਚ ਈਸ਼ਾਨ ਕਿਸ਼ਨ ਅਤੇ ਸ਼ੁਭਮਨ ਗਿੱਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ ਪਰ ਪ੍ਰਬੰਧਨ ਵੀ ਸਿਖਰਲੇ ਕ੍ਰਮ ਵਿੱਚ ਰਿਸ਼ਭ ਪੰਤ ਨੂੰ ਇੱਕ ਹੋਰ ਮੌਕਾ ਦੇਣਾ ਚਾਹੇਗਾ।
ਭਾਰਤ ਨਿਊਜ਼ੀਲੈਂਡ ਵਿੱਚ ਦੂਜੇ ਦਰਜੇ ਦੀ ਟੀਮ ਨੂੰ ਮੈਦਾਨ ਵਿੱਚ ਉਤਾਰ ਰਿਹਾ ਹੈ ਪਰ ਇਸ ਦੇ ਬਾਵਜੂਦ ਟੀਮ ਦੇ ਮੈਂਬਰਾਂ ਕੋਲ ਵਧੀਆ ਅੰਤਰਰਾਸ਼ਟਰੀ ਤਜਰਬਾ ਹੈ। ਚਾਰ ਸਾਲ ਪਹਿਲਾਂ ਨਿਊਜ਼ੀਲੈਂਡ ਵਿੱਚ ਅੰਡਰ-19 ਵਿਸ਼ਵ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਗਿੱਲ ਤੋਂ ਇੱਥੇ ਟੀ-20 ਵਿੱਚ ਡੈਬਿਊ ਕਰਨ ਦੀ ਉਮੀਦ ਹੈ। ਕਿਸ਼ਨ ਨੂੰ ਪਿਛਲੇ 12 ਮਹੀਨਿਆਂ 'ਚ ਨਿਯਮਤ ਤੌਰ ਉੱਤੇ ਸਿਖਰਲੇ ਕ੍ਰਮ ਵਿਚ ਮੌਕਾ ਮਿਲਦਾ ਰਿਹਾ ਹੈ ਅਤੇ ਇਹ ਸੀਰੀਜ਼ ਉਸ ਲਈ ਖ਼ੁਦ ਨੂੰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਸਥਾਪਿਤ ਕਰਨ ਦਾ ਵਧੀਆ ਮੌਕਾ ਹੋਵੇਗੀ। ਸੰਜੂ ਸੈਮਸਨ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਅਤੇ ਉਹ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਬੇਤਾਬ ਹੋਣਗੇ। ਵਾਸ਼ਿੰਗਟਨ ਸੁੰਦਰ ਦੀ ਵੀ ਇਸ ਸੀਰੀਜ਼ ਨਾਲ ਟੀਮ 'ਚ ਵਾਪਸੀ ਹੋਵੇਗੀ ਅਤੇ ਉਸ ਤੋਂ ਵੀ ਬੱਲੇ ਅਤੇ ਗੇਂਦ ਨਾਲ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ। ਨਿਊਜ਼ੀਲੈਂਡ ਦੀ ਆਉਣ ਵਾਲੀ ਸੀਰੀਜ਼ ਨਾਲ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੂੰ ਇਕ ਵਾਰ ਫਿਰ ਇਕੱਠੇ ਗੇਂਦਬਾਜ਼ੀ ਕਰਨ ਦਾ ਮੌਕਾ ਮਿਲ ਸਕਦਾ ਹੈ। ਭਾਰਤ ਨੂੰ ਜਸਪ੍ਰੀਤ ਬੁਮਰਾਹ ਦੇ ਨਾਲ ਅਜਿਹੀ ਗੇਂਦਬਾਜ਼ੀ ਦੀ ਤਲਾਸ਼ ਹੈ ਜੋ ਤੂਫਾਨੀ ਰਫਤਾਰ ਨਾਲ ਗੇਂਦਬਾਜ਼ੀ ਕਰ ਸਕੇ ਅਤੇ ਅਜਿਹੇ 'ਚ ਉਮਰਾਨ ਮਲਿਕ ਟੀਮ ਦੇ ਨਾਲ ਮੈਚ ਖੇਡਣ ਲਈ ਮੌਜੂਦ ਹਨ।
ਉਮਰਾਨ ਨੂੰ ਆਇਰਲੈਂਡ ਅਤੇ ਇੰਗਲੈਂਡ ਦੇ ਆਪਣੇ ਪਹਿਲੇ ਦੌਰੇ 'ਤੇ ਜ਼ਿਆਦਾ ਸਫਲਤਾ ਨਹੀਂ ਮਿਲੀ ਅਤੇ ਉਹ ਰਫਤਾਰ ਨਾਲ ਸਮਝੌਤਾ ਕੀਤੇ ਬਿਨਾਂ ਸਹੀ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰੇਗਾ। ਆਸਟ੍ਰੇਲੀਆ ਦੀ ਤਰ੍ਹਾਂ ਨਿਊਜ਼ੀਲੈਂਡ 'ਚ ਵੀ ਭੁਵਨੇਸ਼ਵਰ ਕੁਮਾਰ ਅਤੇ ਅਰਸ਼ਦੀਪ ਸਿੰਘ ਦੇ ਨਵੀਂ ਗੇਂਦ ਸਾਂਝੀ ਕਰਨ ਦੀ ਉਮੀਦ ਹੈ। ਵਿਸ਼ਵ ਕੱਪ ਦੌਰਾਨ ਬੈਂਚ 'ਤੇ ਬੈਠੇ ਰਹੇ ਹਰਸ਼ਲ ਪਟੇਲ ਅਤੇ ਮੁਹੰਮਦ ਸਿਰਾਜ ਨੂੰ ਵੀ ਸੀਰੀਜ਼ ਦੌਰਾਨ ਪਲੇਇੰਗ ਇਲੈਵਨ 'ਚ ਮੌਕਾ ਮਿਲ ਸਕਦਾ ਹੈ। ਦੂਜੇ ਪਾਸੇ ਨਿਊਜ਼ੀਲੈਂਡ ਕੇਨ ਵਿਲੀਅਮਸਨ ਦੀ ਅਗਵਾਈ ਵਿੱਚ ਮਜ਼ਬੂਤ ਟੀਮ ਮੈਦਾਨ ਵਿੱਚ ਉਤਰੇਗਾ। ਭਾਰਤ ਵਾਂਗ ਨਿਊਜ਼ੀਲੈਂਡ ਵੀ ਵਿਸ਼ਵ ਕੱਪ ਦੇ ਨਾਕਆਊਟ ਮੈਚ 'ਚ ਇਕ ਹੋਰ ਹਾਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਦਾ ਟੀਚਾ ਮਜ਼ਬੂਤੀ ਨਾਲ ਵਾਪਸੀ ਕਰਨਾ ਹੋਵੇਗਾ। ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਦੀ ਗੈਰ-ਮੌਜੂਦਗੀ ਵਿੱਚ ਹੋਰ ਤੇਜ਼ ਗੇਂਦਬਾਜ਼ਾਂ ਨੂੰ ਅਜ਼ਮਾਉਣ ਦੀ ਉਮੀਦ ਹੈ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਵੀ ਸੀਰੀਜ਼ ਤੋਂ ਬਾਹਰ ਹੋਣ ਕਾਰਨ ਪਾਰੀ ਦੀ ਸ਼ੁਰੂਆਤ ਕਰਨ ਦੀ ਜ਼ਿੰਮੇਦਾਰੀ ਡੇਵੋਨ ਕੌਨਵੇ ਅਤੇ ਫਿਨ ਐਲਨ 'ਤੇ ਹੋਵੇਗੀ। ਟੀ-20 ਵਿਸ਼ਵ ਕੱਪ ਦੌਰਾਨ ਵਿਲੀਅਮਸਨ ਦੀ ਸਟ੍ਰਾਈਕ ਰੇਟ 'ਤੇ ਵੀ ਸਵਾਲ ਉਠਾਏ ਗਏ ਸਨ ਅਤੇ ਉਸ ਦੀ ਨਜ਼ਰ ਵੀ ਲੈਅ ਹਾਸਲ ਕਰਨ 'ਤੇ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ:
ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕੈਪਟਨ), ਫਿਨ ਐਲਨ, ਮਾਈਕਲ ਬ੍ਰੇਸਵੈਲ, ਡੇਵੋਨ ਕੌਨਵੇ, ਲਾਕੀ ਫਰਗੂਸਨ, ਡੇਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਈਸ਼ ਸੋਢੀ ਅਤੇ ਬਲੇਅਰ ਟਿੱਕਨਰ
ਭਾਰਤ: ਹਾਰਦਿਕ ਪੰਡਯਾ (ਕੈਪਟਨ), ਰਿਸ਼ਭ ਪੰਤ, ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।