ਆਸਟ੍ਰੇਲੀਆ ਦੌਰੇ ''ਤੇ ਦੋ ਦਿਨਾ ਡੇ-ਨਾਈਟ ਅਭਿਆਸ ਮੈਚ ਖੇਡੇਗਾ ਭਾਰਤ
Friday, Aug 09, 2024 - 11:16 AM (IST)
ਕੈਨਬਰਾ- ਭਾਰਤੀ ਕ੍ਰਿਕਟ ਟੀਮ ਇਸ ਸਾਲ ਦੇ ਅੰਤ ਵਿਚ ਬਾਰਡਰ ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਦੌਰਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ ਦੇ ਖਿਲਾਫ ਦੋ ਦਿਨਾ ਡੇ-ਨਾਈਟ ਅਭਿਆਸ ਮੈਚ ਖੇਡੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 22 ਨਵੰਬਰ ਤੋਂ ਪਰਥ 'ਚ ਖੇਡਿਆ ਜਾਵੇਗਾ। 1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਕ੍ਰਿਕਟ ਆਸਟ੍ਰੇਲੀਆ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਭਾਰਤੀ ਟੀਮ 30 ਨਵੰਬਰ ਤੋਂ ਕੈਨਬਰਾ ਦੇ ਮੈਨੂਕਾ ਓਵਲ 'ਚ ਪ੍ਰਧਾਨ ਮੰਤਰੀ ਇਲੈਵਨ ਦੇ ਖਿਲਾਫ ਦੋ ਦਿਨਾਂ ਡੇ-ਨਾਈਟ ਅਭਿਆਸ ਮੈਚ ਖੇਡੇਗੀ। ਭਾਰਤੀ ਟੀਮ ਨੂੰ ਐਡੀਲੇਡ ਵਿੱਚ ਡੇ-ਨਾਈਟ ਟੈਸਟ ਮੈਚ ਦੀ ਤਿਆਰੀ ਵਿੱਚ ਮਦਦ ਕਰਨ ਲਈ ਇਸ ਅਭਿਆਸ ਮੈਚ ਨੂੰ ਜੋੜਿਆ ਗਿਆ ਹੈ। ਭਾਰਤ ਨੇ 2020-21 ਦੇ ਆਸਟਰੇਲੀਆ ਦੌਰੇ ਵਿੱਚ ਡੇ-ਨਾਈਟ ਟੈਸਟ ਮੈਚ ਵੀ ਖੇਡਿਆ ਸੀ।