ICC ਖ਼ਿਤਾਬ ਜਿੱਤਣ ਲਈ ਭਾਰਤ ਨੂੰ ਬੇਖੌਫ ਹੋ ਕੇ ਖੇਡਣਾ ਪਵੇਗਾ ਕ੍ਰਿਕਟ: ਹਰਭਜਨ ਸਿੰਘ
Friday, Jun 09, 2023 - 01:59 PM (IST)
ਲੰਡਨ (ਭਾਸ਼ਾ)- ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਮੌਜੂਦਾ ਟੀਮ ਨੇ ਉਹ ਦਲੇਰੀ ਨਹੀਂ ਦਿਖਾਈ ਜੋ ਆਈ.ਸੀ.ਸੀ. ਖ਼ਿਤਾਬ ਜਿੱਤਣ ਲਈ ਚਾਹੀਦੀ ਹੁੰਦੀ ਹੈ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 4 ਤੇਜ਼ ਗੇਂਦਬਾਜ਼ਾਂ ਨੂੰ ਲੈ ਕੇ ਉਤਰਨ ਦਾ ਫ਼ੈਸਲਾ ਸਹੀ ਨਹੀਂ ਸੀ। ਪਿਛਲੇ 10 ਸਾਲਾਂ ਵਿਚ ਇਕ ਵੀ ਆਈ.ਸੀ.ਸੀ. ਖ਼ਿਤਾਬ ਨਾ ਜਿੱਤਣ ਵਾਲੀ ਭਾਰਤੀ ਟੀਮ ਦੀ ਸਥਿਤੀ ਆਸਟ੍ਰੇਲੀਆ ਖ਼ਿਲਾਫ਼ ਡਬਲਯੂ.ਟੀ.ਸੀ. ਫਾਈਨਲ ਵਿਚ ਖ਼ਰਾਬ ਹੈ। ਇੱਥੇ ਕਮੈਂਟੇਟਰ ਦੀ ਭੂਮਿਕਾ ਵਿਚ ਆਏ ਹਰਭਜਨ ਨੇ ਭਾਰਤੀ ਖ਼ਿਡਾਰੀਆਂ ਨੂੰ ਨਤੀਜੇ ਦੀ ਚਿੰਤਾ ਕੀਤੇ ਬਿਨਾਂ ਖ਼ੇਡਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਹੁਨਰ ਵਿਚ ਕੋਈ ਕਮੀ ਨਹੀਂ ਹੈ। ਜਿੰਨੇ ਵੱਡੇ ਮੈਚ ਖੇਡਣਗੇ, ਓਨਾ ਹੀ ਬਿਹਤਰ ਰਹੇਗਾ। ਮੈਨੂੰ ਲੱਗਦਾ ਹੈ ਕਿ ਅਜਿਹੇ ਮੈਚਾਂ ਵਿਚ ਖੁੱਲ ਕੇ ਖੇਡਣ ਦੀ ਲੋੜ ਹੈ। ਅਸੀਂ ਜ਼ਿਆਦਾ ਰੱਖਿਆਤਮਕ ਹੋ ਰਹੇ ਹਾਂ। ਸਾਨੂੰ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਖੁੱਲ ਕੇ ਖੇਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ 'ਤੇ ਜ਼ਿੰਮੇਦਾਰੀ ਪਾ ਦਿਓ ਅਤੇ ਉਹ ਜ਼ਰੂਰ ਆਪਣਾ ਕੰਮ ਪੂਰਾ ਕਰਨਗੇ। ਉਨ੍ਹਾਂ 'ਤੇ ਦਬਾਅ ਪਾਇਆ ਜਾਇਆ ਕਿ ਚੰਗਾ ਨਾ ਖੇਡਣ 'ਤੇ ਕੁੱਝ ਬਾਹਰ ਹੋ ਜਾਣਗੇ ਅਤੇ ਕੁੱਝ ਨਹੀਂ।
ਹਰਭਜਨ ਨੇ ਕਿਹਾ ਕਿ ਉਨ੍ਹਾਂ ਨੂੰ ਆਮਤਵਿਸ਼ਵਾਸ ਦੇਣ ਦੀ ਲੋੜ ਹੈ ਕਿ ਭਾਵੇਂ ਹੀ ਚੰਗਾ ਨਾ ਖੇਡ ਸਕੋ ਪਰ ਆਪਣੇ ਵੱਲੋਂ ਚੰਗੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕੱਪ ਜਿੱਤੇ ਜਾਂਦੇ ਹਨ। ਬੇਖੌਫ ਖੇਡੋ। ਵਿਸ਼ਵ ਦੇ ਨੰਬਰ ਇਕ ਟੈਸਟ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਬਾਹਰ ਬੈਠਣਾ ਪਿਆ, ਕਿਉਂਕਿ ਭਾਰਤ 4 ਤੇਜ਼ ਗੇਂਦਬਾਜ਼ਾਂ ਅਤੇ ਇਕ ਸਪਿਨਰ ਲੈ ਕੇ ਉਤਰਿਆ ਹੈ। ਹਰਭਜਨ ਨੇ ਕਿਹਾ, 'ਮੈਚ 5 ਦਿਨਾਂ ਦਾ ਹੈ ਤਾਂ 5 ਦਿਨਾਂ ਦੀ ਸਥਿਤੀ ਨੂੰ ਦੇਖ ਕੇ ਗੇਂਦਬਾਜ਼ਾਂ ਨੂੰ ਚੁਣਨਾ ਹੁੰਦਾ ਹੈ। ਅਸ਼ਵਿਨ ਸ਼ਾਨਦਾਰ ਗੇਂਦਬਾਜ਼ ਹੈ ਅਤੇ ਚਾਰ ਤੇਜ਼ ਗੇਂਦਬਾਜ਼ਾਂ ਦੀ ਲੋੜ ਨਹੀਂ ਸੀ। ਚੌਥਾ ਅਤੇ ਪੰਜਵਾਂ ਦਿਨ ਵੀ ਪਹਿਲੇ ਦਿਨ ਵਾਂਗ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਤੁਸੀਂ ਉਨ੍ਹਾਂ ਦਿਨਾਂ ਵਿਚ ਕਿਵੇਂ ਖੇਡਦੇ ਹੋ। ਸ਼ਾਇਦ ਪ੍ਰਬੰਧਨ ਨੇ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਅਤੇ ਚਾਰ ਸਪਿਨਰਾਂ ਨੂੰ ਮੈਦਾਨ 'ਚ ਉਤਾਰਿਆ। ਜੇਕਰ ਮੁਹੰਮਦ ਸਿਰਾਜ ਜਾਂ ਮੁਹੰਮਦ ਸ਼ਮੀ ਵਰਗਾ ਕੋਈ ਬਾਹਰ ਬੈਠਾ ਹੁੰਦਾ, ਉਦੋਂ ਵੀ ਚਾਰ ਤੇਜ਼ ਗੇਂਦਬਾਜ਼ਾਂ ਨੂੰ ਮੈਦਾਨ ਵਿੱਚ ਉਤਾਰਨਾ ਸਮਝ ਵਿਚ ਆਉਂਦਾ। ਅਸ਼ਵਿਨ ਨੂੰ ਉਤਾਰਨਾ ਅਤੇ ਚਾਰ ਤੇਜ਼ ਗੇਂਦਬਾਜ਼ਾਂ ਦੀ ਥਾਂ ਦੋ ਸਪਿਨਰਾਂ ਨੂੰ ਲੈ ਕੇ ਖੇਡਣਾ ਬਿਹਤਰ ਹੁੰਦਾ।'