ਕੁਲਦੀਪ ਦੀ ਫਿਰਕੀ ਦੇ ਦਮ ''ਤੇ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਭਾਰਤ

07/14/2018 12:24:45 AM

ਲੰਡਨ— ਆਤਮ-ਵਿਸ਼ਵਾਸ ਨਾਲ ਲਬਰੇਜ਼ ਭਾਰਤੀ ਟੀਮ ਕਹਿਰ ਵਰ੍ਹਾਉਂਦੀ ਗੇਂਦਬਾਜ਼ੀ ਕਰ ਰਹੇ ਕੁਲਦੀਪ ਯਾਦਵ ਦੀ ਫਿਰਕੀ ਦੇ ਦਮ 'ਤੇ ਕੱਲ ਦੂਜੇ ਇਕ ਦਿਨਾ ਕ੍ਰਿਕਟ ਮੈਚ ਰਾਹੀਂ ਬ੍ਰਿਟੇਨ ਦੌਰੇ 'ਤੇ ਇਕ ਹੋਰ ਲੜੀ ਆਪਣੇ ਨਾਂ ਕਰਨ ਉਤਰੇਗੀ।
ਭਾਰਤ ਨੇ ਕੱਲ ਪਹਿਲਾ ਵਨ ਡੇ ਜਿੱਤਣ ਤੋਂ ਪਹਿਲਾਂ ਟੀ-20 ਲੜੀ ਵੀ ਆਪਣੇ ਨਾਂ ਕੀਤੀ ਸੀ। ਐਤਵਾਰ ਨੂੰ ਫੀਫਾ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਮੈਚ ਸ਼ਨੀਵਾਰ ਨੂੰ ਰੱਖਿਆ ਗਿਆ ਤੇ ਦੋ ਮੈਚਾਂ ਵਿਚਾਲੇ ਸਿਰਫ ਇਕ ਦਿਨ ਦਾ ਫਰਕ ਰਹਿ ਗਿਆ ਹੈ। ਪਹਿਲਾ ਮੈਚ ਅੱਠ ਵਿਕਟਾਂ ਨਾਲ ਹਾਰ ਜਾਣ ਤੋਂ ਬਾਅਦ ਇੰਗਲੈਂਡ ਲਈ ਵਾਪਸੀ ਆਸਾਨ ਨਹੀਂ ਹੋਵੇਗੀ।
ਟੀ-20 ਲੜੀ ਵਿਚ ਇੰਗਲੈਂਡ ਨੇ ਸਪਿਨ ਮਸ਼ੀਨ ਮਿਰਲਨ ਨਾਲ ਅਭਿਆਸ ਕੀਤਾ ਸੀ। ਦੋਵੇਂ ਟੀਮਾਂ ਅੱਜ ਲੰਡਨ ਜਾਣਗੀਆਂ, ਜਿਸ ਨਾਲ ਵੀਡੀਓ ਵਿਸ਼ਲੇਸ਼ਣ ਕਰਨ ਦਾ ਵੀ ਸਮਾਂ ਨਹੀਂ ਰਹੇਗਾ। ਅਜਿਹੀ ਹਾਲਤ ਵਿਚ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕੱਲ ਕੁਲਦੀਪ ਨੂੰ ਖੇਡਣ ਦੀ ਮਾਨਸਿਕ ਤਿਆਰੀ ਹੀ ਕਰਨੀ ਪਵੇਗੀ।
ਇੰਗਲੈਂਡ ਦੇ ਬੱਲੇਬਾਜ਼ਾਂ ਨੇ ਗੈਰ-ਜ਼ਿੰਮੇਵਾਰਾਨਾ ਸ਼ਾਟਾਂ ਵੀ ਖੇਡੀਆਂ। 10 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 70 ਦੌੜਾਂ ਬਣਉਣ ਤੋਂ ਬਾਅਦ ਜੇਸਨ ਰਾਏ ਨੂੰ ਸਪਿਨਰਾਂ ਵਿਰੁੱਧ ਰਿਵਰਸ ਸਵੀਪ ਲਾਉਣ ਦੀ ਲੋੜ ਨਹੀਂ ਸੀ। ਕਪਤਾਨ ਇਯੋਨ ਮੋਰਗਨ ਨੇ ਵੀ ਯੁਜਵੇਂਦਰ ਚਾਹਲ ਵਿਰੁੱਧ ਖਰਾਬ ਸ਼ਾਟ ਖੇਡਿਆ। ਜੋ ਰੂਟ ਲਗਾਤਾਰ ਖਰਾਬ ਫਾਰਮ ਵਿਚ ਚੱਲ ਰਿਹਾ ਹੈ। ਉਹ ਤਿੰਨ ਪਾਰੀਆਂ ਵਿਚ ਤੀਜੀ ਵਾਰ ਸਪਿਨ ਦਾ ਸ਼ਿਕਾਰ ਹੋਇਆ ਹੈ। ਅਜਿਹੀ ਹਾਲਤ ਵਿਚ ਜੋਸ ਬਟਲਰ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਭੇਜਿਆ ਜਾ ਸਕਦਾ ਹੈ। ਉਸ ਨੇ ਛੇਵੇਂ ਨੰਬਰ 'ਤੇ ਉਤਰ ਕੇ ਅਰਧ ਸੈਂਕੜਾ ਬਣਾਇਆ ਤੇ ਸਪਿਨਰਾਂ ਦਾ ਬਾਖੂਬੀ ਸਾਹਮਣਾ ਕੀਤਾ। ਮੋਰਗਨ ਨੇ ਵੀ ਕੱਲ ਸੰਕੇਤ ਦਿੱਤਾ ਸੀ ਕਿ ਬਟਲਰ ਤੀਜੇ ਨੰਬਰ 'ਤੇ ਉਤਰ ਸਕਦਾ ਹੈ।
ਟੀ-20 ਲੜੀ ਵਿਚ 1-0 ਨਾਲ ਪਿਛੜਨ ਤੋਂ ਬਅਦ ਇੰਗਲੈਂਡ ਨੇ ਹਰੀ-ਭਰੀ ਪਿੱਚ ਬਣਾਈ ਸੀ। ਇਸ ਦੇ ਬਾਵਜੂਦ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ ਨਹੀਂ ਮਿਲੀ। ਹੁਣ ਦੇਖਣਾ ਇਹ ਹੈ ਕਿ ਲਾਰਡਸ ਜਾਂ ਲੀਡਸ 'ਤੇ ਪਿੱਚ ਘਾਹ ਵਾਲੀ ਹੁੰਦੀ ਹੈ ਜਾਂ ਨਹੀਂ।
ਭਾਰਤ
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਐੱਮ. ਐੱਸ. ਧੋਨੀ, ਦਿਨੇਸ਼ ਕਾਰਤਿਕ, ਸੁਰੇਸ਼ ਰੈਨਾ, ਹਾਰਦਿਕ ਪੰਡਯਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਸ਼੍ਰੇਅਸ ਅਈਅਰ, ਸਿਧਾਰਥ ਕੌਲ, ਅਕਸ਼ਰ ਪਟੇਲ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ।
ਇੰਗਲੈਂਡ
ਇਯੋਨ ਮੋਰਗਨ (ਕਪਤਾਨ), ਜੇਸਨ ਰਾਏ, ਜਾਨੀ ਬੇਅਰਸਟ੍ਰਾ, ਮੋਈਨ ਅਲੀ, ਜੋ ਰੂਟ, ਜੈਕ ਬਾਲ, ਟਾਮ ਕੁਰੇਨ, ਡੇਵਿਡ ਮਲਾਨ, ਲਿਆਮ ਪਲੰਕੇਟ, ਬੇਨ ਸਟੋਕਸ, ਆਦਿਲ, ਰਸ਼ੀਦ, ਡੇਵਿਡ ਵਿਲੀ, ਮਾਰਕ ਵੁਡ।


Related News