India vs Sri Lanka 3rd T20I: ਫੈਸਲਾਕੁੰਨ ਮੈਚ ਜਿੱਤਣ ਲਈ ਤੇਜ਼ ਗੇਂਦਬਾਜ਼ਾਂ ਤੇ ਚੋਟੀਕ੍ਰਮ ’ਤੇ ਭਾਰਤ ਦਾ ਫੋਕਸ

Saturday, Jan 07, 2023 - 12:09 PM (IST)

ਰਾਜਕੋਟ (ਭਾਸ਼ਾ)– ਸ਼੍ਰੀਲੰਕਾ ਨੂੰ ਸ਼ਨੀਵਾਰ ਨੂੰ ਫੈਸਲਾਕੁੰਨ ਤੀਜੇ ਟੀ-20 ਮੈਚ ਵਿਚ ਹਰਾਉਣ ਲਈ ਭਾਰਤੀ ਤੇਜ਼ ਗੇਂਦਬਾਜ਼ਾਂ ਤੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੂੰ ਪਿਛਲੇ ਮੈਚ ਦੀ ਹਾਰ ਤੋਂ ਉੱਭਰ ਕੇ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਪਹਿਲੇ ਮੈਚ ਵਿਚ ਆਖਰੀ ਗੇਂਦ ’ਤੇ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਟੀਮ ਦੂਜੇ ਮੈਚ ਵਿਚ 16 ਦੌੜਾਂ ਨਾਲ ਹਾਰ ਗਈ। ਨੌਜਵਾਨ ਤੇਜ਼ ਗੇਂਦਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਹਾਰ ਦਾ ਪ੍ਰਮੁੱਖ ਕਾਰਨ ਰਿਹਾ ਪਰ ਉਮਰਾਨ ਮਲਿਕ ਤੇ ਸ਼ਿਵਮ ਮਾਵੀ ਨੂੰ ਬਾਖੂਬੀ ਪਤਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਦੀ ਖਰਾਬ ਲਾਈਨ ਤੇ ਲੈਂਥ ਦਾ ਸ਼੍ਰੀਲੰਕਾਈ ਬੱਲੇਬਾਜ਼ਾਂ ਨੇ ਬਾਖੂਬੀ ਫਾਇਦਾ ਚੁੱਕਿਆ। ਸੱਟਾਂ ਤੋਂ ਉੱਭਰ ਕੇ ਟੀਮ ਵਿਚ ਪਰਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਦੋ ਓਵਰਾਂ ਵਿਚ 5 ਨੋ-ਬਾਲਾਂ ਸੁੱਟੀਆਂ। ਉਹ ਪਹਿਲੇ ਓਵਰ ਵਿਚ ਲਗਾਤਾਰ ਤਿੰਨ ਵਾਰ ਕ੍ਰੀਜ਼ ਵਿਚੋਂ ਬਾਹਰ ਗਿਆ ਤੇ ਟੀ-20 ਵਿਚ ਨੋ-ਬਾਲ ਦੀ ਹੈਟ੍ਰਿਕ ਲਗਾਉਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ। ਪਹਿਲੇ ਮੈਚ ਵਿਚ ਸ਼ਾਨਦਾਰ ਡੈਬਿਊ ਕਰਨ ਵਾਲੇ ਮਾਵੀ ਤੇ ਅਰਸ਼ਦੀਪ ਦੋਵਾਂ ਨੇ ਕਾਫੀ ਨੋ-ਬਾਲਾਂ ਸੁੱਟੀਆਂ। ਅਜਿਹੇ ਵਿਚ ਕਪਤਾਨ ਹਾਰਦਿਕ ਪੰਡਯਾ ਨੂੰ ਸਪਿਨਰਾਂ ’ਤੇ ਨਿਰਭਰ ਰਹਿਣਾ ਪਿਆ। ਵੈਸੇ ਸਿਰਫ ਇਕ ਮੈਚ ਵਿਚ ਖਰਾਬ ਪ੍ਰਦਰਸ਼ਨ ਦੀ ਗਾਜ਼ ਨੌਜਵਾਨਾਂ ’ਤੇ ਨਹੀਂ ਡਿੱਗੇਗੀ ਕਿਉਂਕਿ ਉਨ੍ਹਾਂ ਨੂੰ ਤਜਰਬੇ ਦੀ ਲੋੜ ਹੈ।

ਬੱਲੇਬਾਜ਼ੀ ਵਿਚ ਚੋਟੀਕ੍ਰਮ ਇਕ ਵਾਰ ਫਿਰ ਤੋਂ ਚੰਗੀ ਸ਼ੁਰੂਆਤ ਦੇਣ ਵਿਚ ਅਸਫਲ ਰਿਹਾ। ਸ਼ੁਭਮਨ ਗਿੱਲ ਲਗਾਤਾਰ ਦੂਜੀ ਵਾਰ ਅਸਫਲ ਰਿਹਾ ਤੇ ਹੁਣ ਰਾਹੁਲ ਤ੍ਰਿਪਾਠੀ ਦੀ ਤਰ੍ਹਾਂ ਹੀ ਉਹ ਕੋਈ ਮੌਕਾ ਬਰਬਾਦ ਨਹੀਂ ਕਰਨਾ ਚਾਹੇਗਾ। ਤ੍ਰਿਪਾਠੀ ਵੀ ਆਪਣੇ ਪਹਿਲੇ ਮੈਚ ਵਿਚ ਨਹੀਂ ਚੱਲ ਸਕਿਆ। ਅੱਧੀ ਟੀਮ 60 ਦੌੜਾਂ ਦੇ ਅੰਦਰ ਪੈਵੇਲੀਅਨ ਪਰਤ ਚੁੱਕੀ ਸੀ, ਜਿਸ ਤੋਂ ਬਾਅਦ ਅਕਸ਼ਰ ਪਟੇਲ ਤੇ ਸੂਰਯਕੁਮਾਰ ਯਾਦਵ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਕਸ਼ਰ ਦੇ ਰੂਪ ਵਿਚ ਭਾਰਤ ਨੂੰ ਰਵਿੰਦਰ ਜਡੇਜਾ ਵਰਗਾ ਉਪਯੋਗੀ ਆਲਰਾਊਂਡਰ ਮਿਲ ਗਿਆ ਹੈ। ਆਪਣੇ ਕੋਰ ਖਿਡਾਰੀਆਂ ਨੂੰ ਟੀਮ ਹੋਰ ਮੌਕੇ ਦੇਵੇਗੀ ਕਿਉਂਕਿ ਹੁਣ ਉਸ ਨੂੰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਦੌਰ ਵਿਚੋਂ ਇਸ ਸਵੂਰਪ ਵਿਚ ਅੱਗੇ ਨਿਕਲਣਾ ਹੈ। ਫੈਸਲਾਕੁੰਨ ਮੈਚ ਵਿਚ ਟੀਮ ਵਿਚ ਕਿਸੇ ਬਦਲਾਅ ਦੀ ਸੰਭਾਵਨਾ ਘੱਟ ਹੈ। ਕੋਚ ਦ੍ਰਾਵਿੜ ਕਹਿ ਹੀ ਚੁੱਕਾ ਹੈ ਕਿ ਬਹੁਤ ਜ਼ਿਆਦਾ ਬਦਲਾਅ ਉਸ ਨੂੰ ਪਸੰਦ ਨਹੀਂ ਹੈ। ਏਸ਼ੀਆ ਕੱਪ ਚੈਂਪੀਅਨ ਸ਼੍ਰੀਲੰਕਾ ਨੇ ਸ਼ਾਨਦਾਰ ਵਾਪਸੀ ਕਰਕੇ ਭਾਰਤ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਉਸ ਨੂੰ ਹਾਲਾਂਕਿ ਮੱਧਕ੍ਰਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਰਾਜਕੋਟ ਦੀ ਪਿੱਚ ਸਪਾਟ ਹੈ ਤੇ ਬੱਲੇਬਾਜ਼ਾਂ ਦੀ ਮਦਦਗਾਰ ਰਹਿਣ ਦੀ ਉਮੀਦ ਹੈ। ਟਾਸ ਦੀ ਭੂਮਿਕਾ ਵੀ ਅਹਿਮ ਹੋਵੇਗੀ ਤੇ ਦੋਵੇਂ ਕਪਤਾਨ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰਨਗੇ।

ਟੀਮਾਂ ਇਸ ਤਰ੍ਹਾਂ ਹਨ

ਭਾਰਤ : ਹਾਰਦਿਕ ਪੰਡਯਾ (ਕਪਤਾਨ), ਇਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਉਮਰਾਨ ਮਲਿਕ, ਸ਼ਿਵਮ ਮਾਵੀ ਤੇ ਮੁਕੇਸ਼ ਕੁਮਾਰ।

ਸ਼੍ਰੀਲੰਕਾ : ਦਾਸੁਨ ਸ਼ਨਾਕਾ (ਕਪਤਾਨ), ਪਾਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਸਦੀਰਾ ਸਮਰਵਿਕਰਮ, ਕੁਸ਼ਲ ਮੈਂਡਿਸ, ਭਾਨੁਕਾ ਰਾਜਪਕਸ਼ੇ, ਚਰਿਥਾ ਅਸਾਲੰਕਾ, ਧਨੰਜਯ ਡੀ ਸਿਲਵਾ, ਵਾਨਿੰਦੂ ਹਸਰੰਗਾ, ਏਸ਼ੇਨ ਬੰਡਾਰਾ, ਮਹੇਸ਼ ਤੀਕਸ਼ਣਾ, ਚਮਿਕਾ ਕਰੁਣਾਰਤਨੇ, ਦਿਲਸ਼ਾਨ ਮਧੂਸ਼ੰਕਾ, ਕਾਸੁਨ ਰਾਜਿਥਾ, ਦੁਨਿਥ ਵੇਲਾਲਾਗੇ, ਪ੍ਰਮੋਦ ਮਧੂਸ਼ਾਨ, ਲਾਹਿਰੂ ਕੁਮਾਰ, ਨੁਵਾਨ ਤੁਸ਼ਾਰ।


cherry

Content Editor

Related News