ਭਾਰਤ ਬਨਾਮ ਦੱਖਣੀ ਅਫਰੀਕਾ: ਮੁਹੰਮਦ ਸਿਰਾਜ ਨੇ ਲਈ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ
Friday, Sep 30, 2022 - 01:04 PM (IST)

ਮੁੰਬਈ/ਗੁਹਾਟੀ (ਵਾਰਤਾ)- ਆਲ ਇੰਡੀਆ ਸੀਨੀਅਰ ਚੋਣਕਾਰ ਕਮੇਟੀ ਨੇ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਦੱਖਣੀ ਅਫਰੀਕਾ ਟੀ-20 ਸੀਰੀਜ਼ ਲਈ ਟੀਮ 'ਚ ਸ਼ਾਮਲ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੁਮਰਾਹ ਦੀ ਪਿੱਠ 'ਚ ਸੱਟ ਲੱਗੀ ਹੈ ਅਤੇ ਉਹ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਦੀ ਦੇਖ-ਰੇਖ 'ਚ ਹੈ। ਜੇਕਰ ਸਿਰਾਜ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਮੈਦਾਨ 'ਤੇ ਉਤਰਦਾ ਹੈ ਤਾਂ ਉਹ 7 ਮਹੀਨਿਆਂ ਬਾਅਦ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗਾ।
ਉਸ ਨੇ ਆਪਣਾ ਆਖ਼ਰੀ ਟੀ-20 ਅੰਤਰਰਾਸ਼ਟਰੀ ਫਰਵਰੀ 2022 ਵਿੱਚ ਸ਼੍ਰੀਲੰਕਾ ਦੇ ਖਿਲਾਫ ਖੇਡਿਆ ਸੀ। ਰੋਹਿਤ ਸ਼ਰਮਾ ਦੀ ਟੀਮ ਨੂੰ ਆਈ.ਸੀ.ਸੀ. ਟੀ-20 ਵਿਸ਼ਵ ਕੱਪ 2022 ਲਈ ਰਵਾਨਾ ਹੋਣ ਤੋਂ ਪਹਿਲਾਂ ਦੋ ਟੀ-20 ਮੈਚਾਂ ਵਿੱਚ ਪ੍ਰੋਟੀਆਜ਼ ਦਾ ਸਾਹਮਣਾ ਕਰਨਾ ਹੈ ਜੋ ਕ੍ਰਮਵਾਰ 2 ਅਕਤੂਬਰ ਅਤੇ 4 ਅਕਤੂਬਰ ਨੂੰ ਖੇਡੇ ਜਾਣਗੇ। ਧਿਆਨਦੇਣ ਯੋਗ ਹੈ ਕਿ ਸਿਰਾਜ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਹਨ।