ਇੱਕੋ ਦਿਨ ਭਾਰਤ-ਪਾਕਿਸਤਾਨ ਵਿਚਾਲੇ ਹੋਣਗੇ ਦੋ ਮਹਾ-ਮੁਕਾਬਲੇ, 9 ਘੰਟੇ ਚੱਲੇਗਾ ''ਨਾਨ-ਸਟਾਪ'' ਰੋਮਾਂਚ
Monday, Jan 19, 2026 - 10:23 PM (IST)
ਸਪੋਰਟਸ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਕਰੋੜਾਂ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਅਗਲੇ ਮਹੀਨੇ 15 ਫਰਵਰੀ ਦਾ ਦਿਨ ਕ੍ਰਿਕਟ ਇਤਿਹਾਸ ਵਿੱਚ ਬੇਹੱਦ ਖਾਸ ਹੋਣ ਜਾ ਰਿਹਾ ਹੈ, ਕਿਉਂਕਿ ਇਸ ਦਿਨ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਨਹੀਂ ਸਗੋਂ ਦੋ ਵੱਖ-ਵੱਖ ਟੂਰਨਾਮੈਂਟਾਂ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਜਿੱਥੇ ਇੱਕ ਪਾਸੇ ਪੁਰਸ਼ ਟੀ-20 ਵਰਲਡ ਕੱਪ ਦਾ ਵੱਡਾ ਮੁਕਾਬਲਾ ਹੋਵੇਗਾ, ਉੱਥੇ ਹੀ ਦੂਜੇ ਪਾਸੇ ਮਹਿਲਾ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ ਵਿੱਚ ਵੀ ਦੋਵੇਂ ਦੇਸ਼ ਭਿੜਨਗੇ।
ਐਸ਼ੀਅਨ ਕ੍ਰਿਕਟ ਕੌਂਸਲ ਨੇ ਸੋਮਵਾਰ 19 ਜਨਵਰੀ ਨੂੰ ਮਹਿਲਾ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ 2026 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। 15 ਫਰਵਰੀ ਨੂੰ ਦੁਪਹਿਰ 2:00 ਵਜੇ ਬੈਂਕਾਕ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ 'ਏ' ਟੀਮਾਂ ਵਿਚਾਲੇ ਟੱਕਰ ਹੋਵੇਗੀ। ਇਸ ਮੈਚ ਦੇ ਖਤਮ ਹੋਣ ਤੋਂ ਕੁਝ ਹੀ ਦੇਰ ਬਾਅਦ ਸ਼ਾਮ 7:00 ਵਜੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਆਈ.ਸੀ.ਸੀ. ਪੁਰਸ਼ ਟੀ-20 ਵਰਲਡ ਕੱਪ ਦਾ ਗਰੁੱਪ ਮੈਚ ਸ਼ੁਰੂ ਹੋ ਜਾਵੇਗਾ। ਪ੍ਰਸ਼ੰਸਕਾਂ ਨੂੰ ਸਵੇਰ ਤੋਂ ਲੈ ਕੇ ਰਾਤ 11 ਵਜੇ ਤੱਕ ਲਗਾਤਾਰ 9 ਘੰਟੇ ਭਾਰਤ-ਪਾਕਿਸਤਾਨ ਕ੍ਰਿਕਟ ਦਾ ਐਕਸ਼ਨ ਦੇਖਣ ਨੂੰ ਮਿਲੇਗਾ।
ਮਹਿਲਾ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਦਾ ਸ਼ੈਡਿਊਲ
ਥਾਈਲੈਂਡ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ 13 ਫਰਵਰੀ ਤੋਂ 22 ਫਰਵਰੀ ਤੱਕ ਚੱਲੇਗਾ, ਜਿਸ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਅਤੇ ਪਾਕਿਸਤਾਨ ਨੂੰ ਗਰੁੱਪ-ਏ ਵਿੱਚ ਯੂ.ਏ.ਈ. ਤੇ ਨੇਪਾਲ ਦੇ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਦਾ ਪਹਿਲਾ ਮੈਚ 13 ਫਰਵਰੀ ਨੂੰ UAE ਨਾਲ ਹੋਵੇਗਾ, ਜਦਕਿ 17 ਫਰਵਰੀ ਨੂੰ ਉਹ ਨੇਪਾਲ ਨਾਲ ਭਿੜੇਗੀ। ਟੂਰਨਾਮੈਂਟ ਦੇ ਸੈਮੀਫਾਈਨਲ 20 ਫਰਵਰੀ ਨੂੰ ਅਤੇ ਫਾਈਨਲ ਮੁਕਾਬਲਾ 22 ਫਰਵਰੀ ਨੂੰ ਖੇਡਿਆ ਜਾਵੇਗਾ।
ਆਮ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸਿਰਫ਼ ਵਰਲਡ ਕੱਪ ਜਾਂ ਏਸ਼ੀਆ ਕੱਪ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਹੀ ਆਹਮੋ-ਸਾਹਮਣੇ ਹੁੰਦੀਆਂ ਹਨ, ਇਸ ਲਈ ਇੱਕੋ ਦਿਨ ਦੋ ਮੈਚ ਹੋਣ ਦੀ ਖ਼ਬਰ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਭਰ ਦਿੱਤਾ ਹੈ।
