ਏਸ਼ੀਆ ਕੱਪ 2022: ਹਾਂਗਕਾਂਗ ਖ਼ਿਲਾਫ਼ ਭਾਰਤੀ ਬੱਲੇਬਾਜ਼ੀ ਦੀ ਪ੍ਰੀਖਿਆ

Wednesday, Aug 31, 2022 - 10:50 AM (IST)

ਏਸ਼ੀਆ ਕੱਪ 2022: ਹਾਂਗਕਾਂਗ ਖ਼ਿਲਾਫ਼ ਭਾਰਤੀ ਬੱਲੇਬਾਜ਼ੀ ਦੀ ਪ੍ਰੀਖਿਆ

ਦੁਬਈ (ਏਜੰਸੀ) : ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2022 ‘ਚ ਬੁੱਧਵਾਰ ਨੂੰ ਹਾਂਗਕਾਂਗ ਨਾਲ ਭਿੜੇਗੀ, ਜਿੱਥੇ ਭਾਰਤੀ ਬੱਲੇਬਾਜ਼ੀ ਦੀ ਹਮਲਾਵਰਤਾ ਦੀ ਪ੍ਰੀਖਿਆ ਹੋਵੇਗੀ। ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਇਆ ਸੀ। ਭਾਰਤ ਨੇ ਭਾਵੇਂ ਹੀ ਇਸ ਮੈਚ ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੋਵੇ ਪਰ ਇੱਕ ਸਮੇਂ ਟੀਮ ਮੁਸ਼ਕਲ ਸਥਿਤੀ ਵਿੱਚ ਸੀ। ਕਪਤਾਨ ਰੋਹਿਤ ਸ਼ਰਮਾ ਨੇ ਜਿੱਥੇ 18 ਗੇਂਦਾਂ 'ਤੇ 12 ਦੌੜਾਂ ਬਣਾਈਆਂ, ਉਥੇ ਹੀ ਲੰਬੇ ਸਮੇਂ ਬਾਅਦ ਟੀਮ 'ਚ ਵਾਪਸੀ ਕਰ ਰਹੇ ਵਿਰਾਟ ਕੋਹਲੀ ਨੇ 34 ਗੇਂਦਾਂ 'ਚ 35 ਦੌੜਾਂ ਬਣਾਈਆਂ ਸਨ।

ਸੂਰਿਆਕੁਮਾਰ ਯਾਦਵ ਵੀ ਸਾਧਾਰਨ ਪ੍ਰਦਰਸ਼ਨ ਕਰਦੇ ਹੋਏ 18 ਗੇਂਦਾਂ 'ਚ ਇੰਨੀਆਂ ਹੀ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਸਨ। ਪਾਕਿਸਤਾਨ ਨੇ ਭਾਰਤ ਨੂੰ 148 ਦੌੜਾਂ ਦਾ ਮਾਮੂਲੀ ਟੀਚਾ ਦਿੱਤਾ ਸੀ ਪਰ ਰੋਹਿਤ ਸ਼ਰਮਾ ਦੀ ਟੀਮ ਹੌਲੀ ਬੱਲੇਬਾਜ਼ੀ ਕਾਰਨ ਹਾਰ ਦੇ ਕੰਢੇ 'ਤੇ ਸੀ। ਭਾਰਤ ਬੁੱਧਵਾਰ ਨੂੰ ਜਦੋਂ ਆਈ.ਸੀ.ਸੀ. ਦੇ ਸਹਿਯੋਗੀ ਦੇਸ਼ ਹਾਂਗਕਾਂਗ ਨਾਲ ਭਿੜੇਗਾ ਤਾਂ ਉਸ ਦੀ ਬੱਲੇਬਾਜ਼ੀ ਕਾਰਜਪ੍ਰਣਾਲੀ ਦੀ ਪ੍ਰੀਖਿਆ ਹੋਵੇਗੀ। ਭਾਰਤੀ ਟੀਮ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਆਪਣੀ ਹਮਲਾਵਰਤਾ ਦੀ ਸੀਮਾ ਨੂੰ ਪਰਖਣ ਦੀ ਕੋਸ਼ਿਸ਼ ਕਰੇ।


ਜਦੋਂ ਭਾਰਤ ਅਤੇ ਹਾਂਗਕਾਂਗ 2008 ਵਿੱਚ ਏਸ਼ੀਆ ਕੱਪ ਦੇ ਵਨਡੇ ਫਾਰਮੈਟ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਏ ਸਨ ਤਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 374 ਦੌੜਾਂ ਬਣਾਈਆਂ ਸਨ ਅਤੇ ਫਿਰ ਹਾਂਗਕਾਂਗ ਨੂੰ ਸਿਰਫ਼ 118 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਹੁਣ ਦੋਵੇਂ ਦੇਸ਼ ਏਸ਼ੀਆ ਕੱਪ 2022 'ਚ ਪਹਿਲੀ ਵਾਰ ਟੀ-20 ਫਾਰਮੈਟ 'ਚ ਭਿੜਨਗੇ। ਇੱਥੇ ਭਾਰਤ ਆਪਣੀ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਹਾਂਗਕਾਂਗ ਨੂੰ ਸਭ ਤੋਂ ਵੱਡਾ ਟੀਚਾ ਦੇਣਾ ਚਾਹੇਗਾ।

ਕੇ.ਐੱਲ. ਰਾਹੁਲ ਅਤੇ ਵਿਰਾਟ ਕੋਹਲੀ ਦੇ ਇਲੈਵਨ ਵਿੱਚ ਵਾਪਸੀ ਨਾਲ ਸਭ ਦੀਆਂ ਨਜ਼ਰਾਂ ਭਾਰਤ ਦੇ ਸਿਖਰਲੇ ਕ੍ਰਮ ਉੱਤੇ ਹੋਣਗੀਆਂ। ਦੂਜੇ ਪਾਸੇ ਹਾਂਗਕਾਂਗ ਦੇ ਕਪਤਾਨ ਨਿਜ਼ਾਕਤ ਖਾਨ ਨੇ 2022 ਵਿੱਚ ਅੰਤਰਰਾਸ਼ਟਰੀ ਟੀ-20 ਵਿੱਚ ਤਿੰਨ ਅਰਧ ਸੈਂਕੜੇ ਲਗਾਏ ਹਨ। ਨਿਜ਼ਾਕਤ ਨੇ ਏਸ਼ੀਆ ਕੱਪ 2018 ਦੇ ਭਾਰਤ ਬਨਾਮ ਹਾਂਗਕਾਂਗ ਮੈਚ ਵਿੱਚ ਵੀ 92 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿੱਥੇ ਉਸ ਦੀ ਟੀਮ ਭਾਰਤ ਉੱਤੇ ਇਤਿਹਾਸਕ ਜਿੱਤ ਦਰਜ ਕਰਨ ਤੋਂ ਸਿਰਫ਼ 26 ਦੌੜਾਂ ਦੂਰ ਸੀ। ਹਾਂਗਕਾਂਗ ਦੇ ਕਪਤਾਨ ਇਸ ਵਾਰ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਭਾਰਤ ਲਈ ਮੁਸੀਬਤ ਪੈਦਾ ਕਰ ਸਕਦੇ ਹਨ।


author

cherry

Content Editor

Related News