ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਰਚਿਆ ਇਤਿਹਾਸ ! ਪਹਿਲੀ ਵਾਰ ਹਾਸਲ ਕੀਤਾ ਇਹ ਮੁਕਾਮ
Friday, Jul 11, 2025 - 11:13 AM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਪਣੇ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਚੌਥੇ ਟੀ-20 ਮੈਚ ’ਚ 6 ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਇੰਗਲੈਂਡ ਖਿਲਾਫ਼ ਪਹਿਲੀ ਵਾਰ ਟੀ-20 ਅੰਤਰਰਾਸ਼ਟਰੀ ਲੜੀ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਇਸ ਜਿੱਤ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ’ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ, ਜਦਕਿ ਲੜੀ ਦਾ ਆਖਰੀ ਮੈਚ ਸ਼ਨੀਵਾਰ ਨੂੰ ਬਰਮਿੰਘਮ ’ਚ ਖੇਡਿਆ ਜਾਵੇਗਾ।
ਭਾਰਤ ਨੇ 2006 ’ਚ ਡਰਬੀ ’ਚ ਖੇਡੇ ਗਏ ਇਕੋ-ਇਕ ਟੀ-20 ਮੈਚ ’ਚ ਇੰਗਲੈਂਡ ਨੂੰ ਹਰਾਇਆ ਸੀ। ਉਸ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਖਿਲਾਫ ਘਰੇਲੂ ਅਤੇ ਵਿਦੇਸ਼ੀ ਧਰਤੀ ’ਤੇ ਖੇਡੀ ਗਈ ਹਰੇਕ ਮਹਿਲਾ ਟੀ-20 ਲੜੀ ’ਚ ਹਾਰਦੀ ਰਹੀ ਸੀ।
ਬੁੱਧਵਾਰ ਰਾਤ ਨੂੰ ਖੇਡੇ ਗਏ ਮੈਚ ’ਚ ਭਾਰਤ ਦੀ ਸ਼ਾਨਦਾਰ ਜਿੱਤ ’ਚ ਸਪਿਨ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਰਾਧਾ ਯਾਦਵ (2/15), ਸ਼੍ਰੀ ਚਰਨੀ (2/30) ਅਤੇ ਦੀਪਤਾ ਸ਼ਰਮਾ (1/29) ਨੇ ਮਿਲ ਕੇ 5 ਵਿਕਟਾਂ ਲਈਆਂ ਅਤੇ ਮੇਜ਼ਬਾਨ ਟੀਮ ਨੂੰ 7 ਵਿਕਟਾਂ ’ਤੇ 126 ਦੌੜਾਂ ’ਤੇ ਰੋਕ ਦਿੱਤਾ।
ਇਹ ਵੀ ਪੜ੍ਹੋ- ਇਕ ਹੋਰ ਭਾਰਤੀ ਨੂੰ ਦੇਸ਼ ਨਿਕਾਲਾ ! ਅਸਾਈਲਮ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੁਣਾਇਆ ਹੁਕਮ
ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (32) ਅਤੇ ਸਮ੍ਰਿਤੀ ਮੰਧਾਨਾ (31) ਨੇ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕਰ ਕੇ ਜਿੱਤ ਦੀ ਨੀਂਹ ਰੱਖੀ। ਭਾਰਤੀ ਟੀਮ ਨੇ 17 ਓਵਰਾਂ ’ਚ 4 ਵਿਕਟਾਂ ਗੁਆ ਕੇ 127 ਦੌੜਾਂ ਬਣਾ ਕੇ 18 ਗੇਂਦਾਂ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ।
ਭਾਰਤ ਲਈ ਇਹ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਅਗਲੇ ਸਾਲ ਇੰਗਲੈਂਡ ’ਚ ਹੀ ਖੇਡਿਆ ਜਾਵੇਗਾ। ਇਸ ਨਾਲ ਉਸ ਨੂੰ ਇਥੋਂ ਦੇ ਹਾਲਾਤ ਮੁਤਾਬਕ ਢਲਣ ’ਚ ਮਦਦ ਮਿਲੇਗੀ।
ਭਾਰਤ ਨੇ ਇਸ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਪਹਿਲੇ ਮੈਚ ’ਚ ਇੰਗਲੈਂਡ ਨੂੰ ਰਿਕਾਰਡ 97 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਸੀ। ਫਿਰ ਬ੍ਰਿਸਟਲ ’ਚ 24 ਦੌੜਾਂ ਨਾਲ ਜਿੱਤ ਹਾਸਲ ਕੀਤੀ, ਜੋ ਇੰਗਲੈਂਡ ਦੀ ਮਹਿਲਾ ਟੀਮ ਦੀ ਸਭ ਤੋਂ ਛੋਟੇ ਫਾਰਮੈੱਟ ’ਚ ਇਸ ਮੈਦਾਨ ’ਤੇ ਪਹਿਲੀ ਹਾਰ ਸੀ। ਭਾਰਤੀ ਟੀਮ ਤੀਸਰੇ ਮੈਚ ’ਚ 5 ਦੌੜਾਂ ਨਾਲ ਹਾਰ ਗਈ ਸੀ। ਹੁਣ ਚੌਥਾ ਮੈਚ ਜਿੱਤ ਕੇ ਭਾਰਤੀ ਟੀਮ ਨੇ ਲੜੀ 'ਤੇ ਕਬਜ਼ਾ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e