ਭਾਰਤ ਬਨਾਮ ਇੰਗਲੈਂਡ : ਬਰਾਬਰੀ ਲਈ ਭਾਰਤ ਨੂੰ ਕਰਨੀ ਪਵੇਗੀ ਆਪਣੀ ਰਣਨੀਤੀ ਦੀ ਸਮੀਖਿਆ

Sunday, Mar 14, 2021 - 11:32 AM (IST)

ਅਹਿਮਦਾਬਾਦ (ਯੂ. ਐੱਨ.ਆਈ.) – ਪਹਿਲੇ ਮੈਚ ਵਿਚ 8 ਵਿਕਟਾਂ ਦੀ ਕਰਾਰੀ ਹਾਰ ਝੱਲਣ ਤੋਂ ਬਾਅਦ ਭਾਰਤ ਨੂੰ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਬਰਾਬਰੀ ਹਾਸਲ ਕਰਨ ਲਈ ਐਤਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਣ ਵਾਲੇ ਦੂਜੇ ਮੈਚ ਤੋਂ ਪਹਿਲਾਂ ਆਪਣੀ ਰਣਨੀਤੀ ਦੀ ਸਮੀਖਿਆ ਕਰਨੀ ਪਵੇਗੀ। ਭਾਰਤੀ ਟੀਮ ਪਹਿਲੇ ਮੁਕਾਬਲੇ ਵਿਚ 20 ਓਵਰਾਂ ਵਿਚ 7 ਵਿਕਟਾਂ ’ਤੇ 124 ਦੌੜਾਂ ਦਾ ਮਾਮੂਲੀ ਸਕੋਰ ਹੀ ਬਣਾ ਸਕੀ ਸੀ ਜਦਕਿ ਇੰਗਲੈਂਡ ਨੇ 15.3 ਓਵਰਾਂ ਵਿਚ 2 ਵਿਕਟਾਂ ’ਤੇ 130 ਦੌੜਾਂ ਬਣਾ ਕੇ ਇਕਪਾਸੜ ਅੰਦਾਜ਼ ਵਿਚ ਟੀਚਾ ਹਾਸਲ ਕਰ ਲਿਆ ਸੀ।

ਟੀਮ ਇੰਡੀਆ ਦੀ ਪਹਿਲੇ ਮੁਕਾਬਲੇ ਵਿਚ ਸਾਰੀ ਰਣਨੀਤੀ ਗਲਤ ਸਾਬਤ ਹੋਈ। ਸਭ ਤੋਂ ਪਹਿਲਾਂ ਓਪਨਰ ਰੋਹਿਤ ਸ਼ਰਮਾ ਨੂੰ ਆਰਾਮ ਦੇਣਾ ਹੀ ਇਕ ਗਲਤ ਫੈਸਲਾ ਸੀ। ਟੀਮ ਮੈਨੇਜਮੈਂਟ ਨੇ ਰੋਹਿਤ ਨੂੰ ਆਰਾਮ ਦੇ ਕੇ ਸ਼ਿਖਰ ਧਵਨ ਤੇ ਲੋਕੇਸ਼ ਰਾਹੁਲ ਨੂੰ ਓਪਨਿੰਗ ਵਿਚ ਅਜਮਾਇਆ ਸੀ ਪਰ ਦੋਵੇਂ ਹੀ ਫਲਾਪ ਰਹੇ। ਟੀਮ ਨੂੰ ਜੇਕਰ ਬਰਾਬਰੀ ਹਾਸਲ ਕਰਨੀ ਹੈ ਤਾਂ ਉਸ ਨੂੰ ਰੋਹਿਤ ਨੂੰ ਵਾਪਸ ਓਪਨਿੰਗ ਵਿਚ ਲਿਆਉਣਾ ਪਵੇਗਾ।

ਇਹ ਵੀ ਪੜ੍ਹੋ: ਕ੍ਰਿਕਟ ਮੈਦਾਨ ’ਤੇ ਮੁੜ ਚੱਲਿਆ ਯੁਵਰਾਜ ਸਿੰਘ ਦਾ ਬੱਲਾ, ਲਗਾਤਾਰ 4 ਛੱਕੇ ਲਗਾ ਕੇ ਸੋਸ਼ਲ ਮੀਡੀਆ ’ਤੇ ਛਾਏ

ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਸੀ ਕਿ ਖਿਡਾਰੀਆਂ ਨੇ ਗੰਭੀਰਤਾ ਨਹੀਂ ਦਿਖਾਈ ਤੇ ਆਪਣੀਆਂ ਸ਼ਾਟਾਂ ਸਹੀ ਢੰਗ ਨਾਲ ਨਹੀਂ ਖੇਡੀਆਂ ਪਰ ਵਿਰਾਟ ਨੂੰ ਆਪਣੀ ਗੱਲ ਨੂੰ ਪਹਿਲਾਂ ਖੁਦ ’ਤੇ ਲਾਗੂ ਕਰਨਾ ਪਵੇਗਾ। ਪੰਤ ਨੂੰ ਚੌਥੇ ਨੰਬਰ ਅਤੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ 8ਵੇਂ ਨੰਬਰ ’ਤੇ ਭੇਜਿਆ ਗਿਆ ਸੀ। ਸੁੰਦਰ ਨੂੰ ਪੰਤ ਤੇ ਹਾਰਦਿਕ ਪੰਡਯਾ ਵਰਗੇ ਹਿਟਰ ਤੋਂ ਉੱਪਰ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਪਾਰੀ ਨੂੰ ਸੰਭਾਲਣ ਦਾ ਪੂਰਾ ਮੌਕਾ ਮਿਲ ਸਕੇ। ਪੰਤ ਤੇ ਪੰਡਯਾ ਵਰਗੇ ਹਿੱਟਰ ਨੂੰ ਸਲਾਗ ਓਵਰਾਂ ਵਿਚ ਭੇਜਣਾ ਹੀ ਠੀਕ ਹੋਵੇਗਾ, ਜਿੱਥੇ ਉਨ੍ਹਾਂ ਦਾ ਕੰਮ ਸਿਰਫ ਗੇਂਦਬਾਜ਼ਾਂ ਦੀ ਪਿਟਾਈ ਕਰਨਾ ਰਹੇ।

ਗੇਂਦਬਾਜ਼ੀ ਵੀ ਭਾਰਤ ਦਾ ਕਮਜ਼ੋਰ ਪੱਖ ਰਹੀ। ਵੈਸੇ ਵੀ ਜਦੋਂ ਬੱਲੇਬਾਜ਼ ਵੱਡਾ ਸਕੋਰ ਖੜ੍ਹਾ ਨਾ ਕਰ ਸਕਣ ਤਾਂ ਗੇਂਦਬਾਜ਼ਾਂ ਕੋਲ ਕਰਨ ਨੂੰ ਕੁਝ ਨਹੀਂ ਰਹਿ ਜਾਂਦਾ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ ਤੇ ਦਸੰਬਰ 2019 ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡਿਆ। ਪਹਿਲੇ ਮੈਚ ਵਿਚ ਟੀਮ ਵਿਚ 3 ਸਪਿਨਰ ਖੇਡੇ ਪਰ ਕੋਈ ਵੀ ਚੱਲ ਨਹੀਂ ਸਕਿਆ। ਟੀਮ ਨੂੰ ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀ ਪੁਰਾਣੀ ਜੋੜੀ ਦੀ ਸਖਤ ਲੋੜ ਹੈ। ਆਫ ਸਪਿਨਰ ਆਰ. ਅਸ਼ਵਿਨ ਨੂੰ ਛੋਟੇ ਫਾਰਮੈੱਟ ਤੋਂ ਕਦੋਂ ਤਕ ਦੂਰ ਰੱਖਿਆ ਜਾ ਸਕਦਾ ਹੈ। ਜੇਕਰ ਵਿਰਾਟ ਦੀ ਨਜ਼ਰ ਵਿਚ ਸੁੰਦਰ ਤੇ ਅਸ਼ਵਿਨ ਇਕ ਹੀ ਅੰਦਾਜ਼ ਦੇ ਖਿਡਾਰੀ ਹਨ ਤਾਂ ਗੇਂਦਬਾਜ਼ੀ ਦੇ ਲਿਹਾਜ ਨਾਲ ਅਸ਼ਵਿਨ ਨੂੰ ਹੀ ਮੌਕਾ ਮਿਲਣਾ ਚਾਹੀਦਾ ਹੈ ਤੇ ਜੇਕਰ ਬੱਲੇਬਾਜ਼ੀ ਦੇ ਲਿਹਾਜ ਨਾਲ ਸੁੰਦਰ ਨੂੰ ਖਿਡਾਇਆ ਜਾਂਦਾ ਹੈ ਤਾਂ ਉਸ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਮੌਕਾ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਡੇਨਵਰ ’ਚ ਭਿਆਨਕ ਬਰਫੀਲੇ ਤੂਫ਼ਾਨ ਕਾਰਨ 2,000 ਉਡਾਣਾਂ ਰੱਦ, ਸੜਕਾਂ ਬੰਦ ਹੋਣ ਖ਼ਦਸ਼ਾ

ਇੰਗਲੈਂਡ ਦੀ ਟੀਮ ਪੂਰੀ ਤਿਆਰੀ ਨਾਲ ਇਸ ਸੀਰੀਜ਼ ਵਿਚ ਉਤਰੀ ਹੈ ਤੇ ਉਸਦੇ ਖਿਡਾਰੀ ਖੇਡ ਦੇ ਹਰ ਵਿਭਾਗ ਵਿਚ ਭਾਰਤੀ ਖਿਡਾਰੀਆਂ ਤੋਂ ਬਿਹਤਰ ਨਜ਼ਰ ਆ ਰਹੇ ਹਨ। ਇੰਗਲੈਂਡ ਨੇ ਭਾਰਤ ’ਤੇ ਟੀ-20 ਮੁਕਾਬਲਿਆਂ ਵਿਚ 8-7 ਦੀ ਬੜ੍ਹਤ ਬਣਾ ਲਈ ਹੈ। ਹੁਣ ਇਹ ਵਿਰਾਟ ’ਤੇ ਨਿਰਭਰ ਹੈ ਕਿ ਉਹ ਟੈਸਟ ਸੀਰੀਜ਼ ਦੀ ਤਰ੍ਹਾਂ ਆਪਣੀ ਟੀਮ ਨੂੰ ਵਾਪਸੀ ਲਈ ਉਤਸ਼ਾਹਿਤ ਕਰਨ ਵਿਚ ਸਫਲ ਹੁੰਦਾ ਹੈ ਜਾਂ ਨਹੀਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News