ਭਾਰਤ ਦੀ ਅੰਡਰ-19 ਟੀਮ ਨੇ ਆਸਟਰੇਲੀਆ ਅੰਡਰ-19 ਟੀਮ ਨੂੰ ਹਰਾਇਆ
Thursday, Oct 03, 2024 - 11:55 AM (IST)
ਚੇਨਈ, (ਭਾਸ਼ਾ)– ਨਿਖਿਲ ਕੁਮਾਰ ਨੇ ਅਜੇਤੂ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਅੰਡਰ-19 ਟੀਮ ਨੇ ਪਹਿਲੇ ਗੈਰ-ਅਧਿਕਾਰਤ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਅੰਡਰ-19 ਟੀਮ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਸੱਤਵੇਂ ਨੰਬਰ ’ਤੇ ਉਤਰੇ ਕੁਮਾਰ ਨੇ 71 ਗੇਂਦਾਂ ਵਿਚ ਅਜੇਤੂ 55 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਭਾਰਤ ਨੇ ਆਖਰੀ ਘੰਟੇ ਵਿਚ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਲੈੱਗ ਸਪਿਨਰ ਮੁਹੰਮਦ ਇਨਾਨ ਨੇ 79 ਦੌੜਾਂ ਦੇ ਕੇ 6 ਵਿਕਟਾਂ ਲਈਆਂ, ਜਿਸ ਨਾਲ ਆਸਟ੍ਰੇਲੀਆ ਆਪਣੀ ਦੂਜੀ ਪਾਰੀ ਵਿਚ 214 ਦੌੜਾਂ ਹੀ ਬਣਾ ਸਕਿਆ। ਆਸਟ੍ਰੇਲੀਆ ਨੇ 4 ਵਿਕਟਾਂ ’ਤੇ 110 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।
ਜਿੱਤ ਲਈ ਮਿਲੇ 212 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਜਲਦੀ ਹੀ ਲੱਗ ਗਿਆ ਜਦੋਂ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲਾ ਵੈਭਵ ਸੂਰਯਵੰਸ਼ੀ ਦੂਜੇ ਓਵਰ ਵਿਚ ਇਕ ਦੌੜ ਬਣਾ ਕੇ ਆਊਟ ਹੋ ਗਿਆ। ਆਫ ਸਪਿਨਰ ਥਾਮਸ ਬਰਾਊਨ ਨੂੰ ਨਵੀਂ ਗੇਂਦ ਸੌਂਪਣ ਦਾ ਆਸਟ੍ਰੇਲੀਆ ਦਾ ਫੈਸਲਾ ਸਹੀ ਸਾਬਤ ਹੋਇਆ, ਜਿਸ ਨੇ ਸੂਰਯਵੰਸ਼ੀ ਨੂੰ ਵਿਕਟਾਂ ਦੇ ਪਿੱਛੇ ਸਾਈਮਨ ਬਰਾਊਨ ਦੇ ਹੱਥੋਂ ਕੈਚ ਕਰਵਾਇਆ।
ਇਸ ਤੋਂ ਬਾਅਦ ਐਡੇਨ ਓ ਕੋਨੋਰ ਨੇ ਵਿਹਾਨ ਮਲਹੋਤਰਾ ਦਾ ਰਿਟਰਨ ਕੈਚ ਫੜਿਆ। ਭਾਰਤ ਦਾ ਸਕੋਰ ਇਸ ਸਮੇਂ 2 ਵਿਕਟਾਂ ’ਤੇ 25 ਦੌੜਾਂ ਸੀ। ਨਿਤਿਆ ਪੰਡਯਾ (86 ਗੇਂਦਾਂ ’ਤੇ 51 ਦੌੜਾਂ) ਤੇ ਕੇਪੀ ਕਾਰਤੀਕੇਯ (52 ਗੇਂਦਾਂ ਵਿਚ 36 ਦੌੜਾਂ) ਨੇ ਇਸ ਤੋਂ ਬਾਅਦ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੂੰ ਹਾਲਾਂਕਿ ਲੈੱਗ ਸਪਿਨਰ ਵਿਸ਼ਵ ਰਾਮਕੁਮਾਰ ਨੇ ਪੈਵੇਲੀਅਨ ਭੇਜਿਆ ਜਦੋਂ ਭਾਰਤ ਦਾ ਸਕੋਰ 4 ਵਿਕਟਾਂ ’ਤੇ 113 ਦੌੜਾਂ ਸੀ। ਓ ਕੋਨੋਰ ਨੇ ਇਸ ਤੋਂ ਬਾਅਦ ਸੋਹਮ ਪਟਵਰਧਨ ਨੂੰ ਵੀ ਰਵਾਨਾ ਕਰ ਦਿੱਤਾ। 5 ਵਿਕਟਾਂ ਡਿੱਗਣ ਤੋਂ ਬਾਅਦ ਕੁਮਾਰ ਤੇ ਵਿਕਟਕੀਪਰ ਅਭਿਮਨਿਊ ਕੁੰਡੂ (52 ਗੇਂਦਾਂ ਵਿਚ 23 ਦੌੜਾਂ) ਨੇ ਸਕੋਰ 150 ਦੇ ਪਾਰ ਪਹੁੰਚਾਇਆ। ਓ ਕੋਨੋਰ ਨੇ ਕੁੰਡੂ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ ਜਦਕਿ ਰਾਮਕੁਮਾਰ ਨੇ ਇਨਾਨ ਨੂੰ ਬੋਲਡ ਕਰ ਦਿੱਤਾ। ਪਲੇਅਰ ਆਫ ਦਿ ਮੈਚ ਕੁਮਾਰ ਨੂੰ ਸਮਰਥ ਨਗਰਾਜ (34 ਗੇਂਦਾਂ ’ਤੇ 19 ਦੌੜਾਂ) ਦਾ ਸਾਥ ਮਿਲਿਆ ਤੇ ਦੋਵਾਂ ਨੇ 8ਵੀਂ ਵਿਕਟ ਲਈ ਮੈਚ ਜਿਤਾਉਣ ਵਾਲੀ 47 ਦੌੜਾਂ ਦੀ ਸਾਂਝੇਦਾਰੀ ਕੀਤੀ।