ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੇਜ਼ਬਾਨੀ ਕਰੇਗਾ ਭਾਰਤ, ਨੀਤਾ ਅੰਬਾਨੀ ਨੇ ਕੀਤੀ ਜ਼ੋਰਦਾਰ ਪੈਰਵੀ
Saturday, Feb 19, 2022 - 04:18 PM (IST)
ਮੁੰਬਈ- ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਅਗਲੀ ਬੈਠਕ ਮੁੰਬਈ ਦੇ 'ਜੀਓ ਵਰਲਡ ਕਨਵੈਨਸ਼ਨ ਸੈਂਟਰ' 'ਚ ਹੋਵੇਗੀ। 2023 'ਚ ਹੋਣ ਵਾਲੀ ਇਸ ਸਾਲਾਨਾ ਬੈਠਕ ਦੀ ਮੇਜ਼ਬਾਨੀ ਨੂੰ ਲੈ ਕੇ ਹੋਈ ਵੋਟਿੰਗ 'ਚ ਭਾਰਤ ਨੂੰ ਜ਼ਾਇਜ਼ 76 ਵੋਟਾਂ 'ਚੋਂ 75 ਵੋਟਾਂ ਮਿਲੀਆਂ। ਭਾਰਤੀ ਬਹੁਮਤ ਨਾਲ ਮੇਜ਼ਬਾਨੀ ਦਾ ਅਧਿਕਾਰ ਜਿੱਤਣ ਦੇ ਬਾਅਦ ਆਈ. ਓ. ਸੀ. ਦੀ ਮੈਂਬਰ ਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਇਸ ਨੂੰ ਭਾਰਤ ਲਈ ਮਾਣ ਦਾ ਪਲ ਦੱਸਿਆ।
ਆਈ. ਓ. ਸੀ. ਬਿਡ ਪ੍ਰੈਜ਼ਨਟੇਸ਼ਨ 'ਤੇ ਆਪਣੀ ਗੱਲ ਰਖਦੀ ਨੀਤੀ ਅੰਬਾਨੀ
Mrs. Nita Ambani at IOC Bid Presentation pic.twitter.com/r4wV9U6t0H
— Punjab Kesari- Sports (@SportsKesari) February 19, 2022
ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਦੇ ਹੋਏ ਨੀਤਾ ਅੰਬਾਨੀ ਨੇ ਆਈ. ਓ. ਸੀ. ਦੀ ਆਗਾਮੀ ਬੈਠਕ ਭਾਰਤ 'ਚ ਕਰਨ ਦੀ ਦਮਦਾਰ ਪੈਰਵੀ ਕੀਤੀ। ਉਨ੍ਹਾਂ ਨੇ ਆਈ. ਓ. ਸੀ. ਮੈਂਬਰਾਂ ਨੂੰ ਦੱਸਿਆ, 'ਭਵਿੱਖ 'ਚ ਯੁਵਾ ਓਲੰਪਿਕ ਤੇ ਓਲੰਪਿਕ ਖੇਡਾਂ ਨੂੰ ਭਾਰਤ 'ਚ ਲਿਆਉਣਾ ਸਾਡਾ ਸੁਫ਼ਨਾ ਹੈ। ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਸਭ ਤੋਂ ਯੁਵਾ ਦੇਸ਼ ਭਾਰਤ ਦੇ ਨੌਜਵਾਨ ਓਲੰਪਿਕ ਦੇ ਵੱਡੇ ਪੱਧਰ ਨੂੰ ਮਹਿਸੂਸ ਕਰਨ। ਅਸੀਂ ਇਸ 'ਤੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ।'
ਆਈ. ਓ. ਸੀ. ਪ੍ਰੈਜ਼ੀਡੈਂਟ ਥਾਮਸ ਬਾਕ ਦਾ ਸਵਾਗਤ ਕਰਦੀ ਹੋਈ ਨੀਤਾ ਅੰਬਾਨੀ
ਇਹ ਵੀ ਪੜ੍ਹੋ : ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਸਿਰਫ਼ ਦੂਜੀ ਟੀਮ
ਆਈ. ਓ. ਸੀ. ਦੀ ਸਾਲਾਨਾ ਬੈਠਕ ਦੀ ਮੇਜ਼ਬਾਨੀ ਮਿਲਣ 'ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਨੀਤਾ ਅੰਬਾਨੀ ਨੇ ਕਿਹਾ ਕਿ 'ਓਲੰਪਿਕ ਮੂਵਮੈਂਟ 40 ਸਾਲ ਦੇ ਇੰਤਜ਼ਾਰ ਦੇ ਬਾਅਦ ਭਾਰਤ ਵਾਪਸ ਆ ਰਿਹਾ ਹੈ! ਮੈਂ 2023 'ਚ ਮੁੰਬਈ 'ਚ ਆਈ. ਓ. ਸੀ. ਸੈਸ਼ਨ ਦੀ ਮੇਜ਼ਬਾਨੀ ਕਰਨ ਦਾ ਸਨਮਾਨ ਭਾਰਤ ਨੂੰ ਸੌਂਪਣ ਲਈ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਧੰਨਵਾਦੀ ਹਾਂ। ਇਹ ਭਾਰਤੀ ਖੇਡਾਂ ਲਈ ਇਕ ਨਵੇਂ ਯੁਗ ਦੀ ਸ਼ੁਰੂਆਤ ਕਰੇਗਾ।' ਨੀਤਾ ਅੰਬਾਨੀ ਨੇ ਓਲੰਪਿਕ ਸੈਸ਼ਨ 2023 ਦੇ ਮੌਕੇ 'ਤੇ ਵਾਂਝੇ ਭਾਈਚਾਰੇ ਦੇ ਨੌਜਵਾਨਾਂ ਲਈ ਖ਼ਾਸ ਖੇਡ ਵਿਕਾਸ ਪ੍ਰੋਗਰਾਮਾਂ ਦੀ ਇਕ ਲੜੀ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ।
ਨੀਤਾ ਅੰਬਾਨੀ ਇਸ ਤੋਂ ਪਹਿਲਾਂ 2018 'ਚ ਆਈ. ਓ. ਸੀ. ਪ੍ਰੈਜ਼ੀਡੈਂਟ ਥਾਮਸ ਬਾਕ ਨੂੰ ਰਿਲਾਇੰਸ ਫਾਊਂਡੇਸ਼ਨ ਸਕੂਲ ਵੀ ਲੈ ਕੇ ਗਈ ਸੀ।
ਭਾਰਤੀ ਪ੍ਰਤੀਨਿਧੀ ਮੰਡਲ 'ਚ ਨੀਤਾ ਅੰਬਾਨੀ, ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬਤਰਾ, ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਤੇ ਨਿਸ਼ਾਨੇਬਾਜ਼ੀ 'ਚ ਓਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ ਸ਼ਾਮਲ ਸਨ। ਬੀਜਿੰਗ 'ਚ ਚਲ ਰਹੇ ਆਈ. ਓ. ਸੀ. ਦੇ ਸਾਲਾਨਾ ਸੈਸ਼ਨ 'ਚ ਭਾਰਤੀ ਪ੍ਰਤੀਨਿਧੀ ਮੰਡਲ ਨੇ ਵਰਚੁਅਲੀ ਜੁੜ ਕੇ ਆਗਾਮੀ ਬੈਠਕ ਦੀ ਮੇਜ਼ਬਾਨੀ ਲਈ ਭਾਰਤ ਦਾ ਪੱਖ ਰੱਖਿਆ।
ਨੀਤਾ ਅੰਬਾਨੀ ਰੀਓ ਓਲੰਪਿਕ ਗੇਮਸ 2016 ਤੇ ਕੋਰੀਆ 'ਚ ਹੋਈ ਵਿੰਟਰ ਓਲੰਪਿਕ ਗੇਮ 2018 ਦੇਖਣ ਗਈ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਵਾਇਰਲ ਹੋਇਆ ਵਿਆਹ ਦਾ ਕਾਰਡ
ਭਾਰਤ 'ਚ ਚਾਰ ਦਹਾਕਿਆਂ ਬਾਅਦ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਸੈਸ਼ਨ ਦਾ ਆਯੋਜਨ ਹੋਵੇਗਾ। ਪਿਛਲਾ ਆਯੋਜਨ 1983 'ਚ ਹੋਇਆ ਸੀ। ਸੈਸ਼ਨ 'ਚ ਆਈ. ਓ. ਸੀ. ਦੇ ਮੈਂਬਰ ਓਲੰਪਿਕ ਚਾਰਟਰ ਤੇ ਓਲੰਪਿਕ ਦੇ ਮੇਜ਼ਬਾਨ ਸ਼ਹਿਰ ਦੀ ਚੋਣ ਜਿਹੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕਰਦੇ ਹਨ।
ਨੀਤਾ ਅੰਬਾਨੀ ਹੀਰੋ ਇੰਡੀਅਨ ਸੂਪਰ ਲੀਗ ਦੇ ਇਕ ਮੈਚ ਤੋਂ ਪਹਿਲਾਂ ਬੱਚਿਆਂ ਨਾਲ।
ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਡਾ. ਨਰਿੰਦਰ ਬਤਰਾ ਨੇ ਇਕ ਬਿਆਨ 'ਚ ਕਿਹਾ, 'ਮੈਂ ਸ਼੍ਰੀਮਤੀ ਨੀਤਾ ਅੰਬਾਨੀ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੇ ਅਗਵਾਈ ਲਈ ਤੇ ਆਪਣੇ ਸਾਰੇ ਆਈ. ਓ. ਸੀ. ਸਹਿਯੋਗੀਆਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦਿੰਦਾ ਹਾਂ। ਅਗਲੇ ਸਾਲ ਮੁੰਬਈ 'ਚ ਤੁਹਾਡਾ ਇੰਤਜ਼ਾਰ ਰਹੇਗਾ। ਇਹ ਭਾਰਤ ਦੇ ਖੇਡ ਲਈ ਇਕ ਨਵੇਂ ਯੁਗ ਦੀ ਸ਼ੁਰੂਆਤ ਹੈ। ਅਸੀਂ ਚਾਹੁੰਦੇ ਹਾਂ ਕਿ ਓਲੰਪਿਕ ਮੂਵਮੈਂਟ ਸਾਡੀ ਅਗਲੀ ਪੀੜ੍ਹੀ ਦੇ ਸ਼ਾਨਦਾਰ ਭਵਿੱਖ ਦੇ ਨਿਰਮਾਣ 'ਚ ਕੇਂਦਰੀ ਭੂਮਿਕਾ ਨਿਭਾਏ। 2023 'ਚ ਮੁੰਬਈ ਨੂੰ ਯਾਦਗਾਰ ਆਈ. ਓ. ਸੀ. ਸੈਸ਼ਨ ਦੀ ਮੇਜ਼ਬਾਨੀ ਦੇਣਾ, ਭਾਰਤ ਦੀ ਨਵੀਂ ਖੇਡ ਸਮਰਥਾ ਨੂੰ ਪ੍ਰਦਰਸ਼ਿਤ ਕਰਨ ਦੀ ਦਿਸ਼ਾ 'ਚ ਪਹਿਲਾ ਕਦਮ ਹੋਵੇਗਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।