ਭਾਰਤ ਨੂੰ ਮਿਲ ਸਕਦੀ ਹੈ ਰਾਸ਼ਟਰ ਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ
Wednesday, Dec 25, 2019 - 07:04 PM (IST)

ਮੁੰਬਈ : ਬਰਮਿੰਘਮ ਰਾਸ਼ਟਰ ਮੰਡਲ ਖੇਡਾਂ (2022) 'ਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤ ਦੇ ਸਖਤ ਵਿਰੋਧ ਨੂੰ ਦੇਖਦੇ ਹੋਏ ਉਸ ਦੀ ਮੇਜ਼ਬਾਨੀ ਵਿਚ ਰਾਸ਼ਟਰ ਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2022 ਦੇ ਆਯੋਜਨ ਦੀ ਸੰਭਾਵਨਾ ਵਧ ਗਈ ਹੈ। ਰਾਸ਼ਟਰ ਮੰਡਲ ਖੇਡ ਮਹਾਂਸੰਘ (ਸੀ. ਜੀ. ਐੱਫ.) ਨੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨਾਲ ਇਸ ਦੇ ਲਈ 'ਰਸਮੀ' ਪ੍ਰਸਤਾਵ ਦੇਣ ਨੂੰ ਕਿਹਾ ਹੈ। ਇਸ ਪ੍ਰਸਤਾਵ ਨੂੰ ਜਨਵਰੀ ਦੇ ਸ਼ੁਰੂ ਵਿਚ ਸੀ. ਜੀ. ਐੱਫ. ਦੀ ਖੇਡ ਕਮੇਟੀ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਗਿਆ ਹੈ, ਜਿਸ ਨੂੰ ਮਨਜ਼ੂਰੀ ਲਈ ਇਸ ਦੀ ਕਾਰਜਕਾਰੀ ਕਮੇਟੀ ਕੋਲ ਭੇਜਿਆ ਜਾਵੇਗਾ।
ਰਾਸ਼ਟਰ ਮੰਜਲ ਖੇਡਾਂ ਵਿਚ ਭਾਰਤ ਨੇ ਨਿਸ਼ਾਨੇਬਾਜ਼ੀ ਵਿਚ ਹਮੇਸ਼ਾਂ ਕਾਫੀ ਤਮਗੇ ਜਿੱਤੇ ਹਨ। ਗੋਲਡ ਕੋਸਟ ਵਿਚ ਪਿਛਲੀ ਪ੍ਰਤੀਯੋਗਿਤਾ ਵਿਚ ਭਾਰਤ ਨੇ 7 ਸੋਨ ਤਮਗਿਆਂ ਸਮੇਤ 16 ਤਮਗੇ ਜਿੱਤੇ ਸਨ। ਇਸ ਖੇਡ ਨਾਲ ਨਿਸ਼ਾਨੇਬਾਜ਼ੀ ਨੂੰ 1974 ਤੋਂ ਬਾਅਦ ਪਹਿਲੀ ਵਾਰ ਹਟਾਇਆ ਗਿਆ ਹੈ।