ਆਨਲਾਈਨ ਸ਼ਤਰੰਜ ਓਲੰਪਿਆਡ ''ਚ ਭਾਰਤ ਦੂਜੇ ਸਥਾਨ ''ਤੇ ਖਿਸਕਿਆ
Saturday, Aug 22, 2020 - 11:48 PM (IST)

ਨਵੀਂ ਦਿੱਲੀ (ਨਿਕਲੇਸ਼ ਜੈਨ) – ਆਨਲਾਈਨ ਸ਼ਤਰੰਜ ਓਲੰਪਿਆਡ ਵਿਚ ਦੂਜੇ ਦਿਨ ਸ਼ਾਨਦਾਰ ਖੇਡ ਤੋਂ ਬਾਅਦ ਵੀ ਭਾਰਤੀ ਟੀਮ ਮੰਦਭਾਗੀ ਦੂਜੇ ਸਥਾਨ 'ਤੇ ਖਿਸਕ ਗਈ। ਦਰਅਸਲ ਭਾਰਤ ਨੇ ਅੱਜ ਇੰਡੋਨੇਸ਼ੀਆ ਤੇ ਈਰਾਨ ਨੂੰ ਤਾਂ ਮਜ਼ਬੂਤੀ ਨਾਲ ਹਰਾਇਆ ਤੇ ਪਰ ਜਦੋਂ ਟੀਮ ਮੰਗੋਲੀਆ ਵਿਰੁੱਧ ਵੱਡੀ ਜਿੱਤ ਦਰਜ ਕਰਨ ਵੱਲ ਵਧ ਰਹੀ ਸੀ ਤਦ ਇੰਟਰਨੈੱਟ ਦੀ ਖਰਾਬੀ ਨੇ ਉਸ ਨੂੰ ਮੰਗੋਲੀਆ ਨਾਲ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ। ਫਿਲਹਾਲ ਸਾਰੇ 6 ਮੈਚ ਜਿੱਤ ਕੇ 12 ਅੰਕ ਲੈ ਕੇ ਚੀਨ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ ਤੇ ਭਾਰਤ 5 ਜਿੱਤਾਂ ਤੇ 1 ਡਰਾਅ ਨਾਲ 11 ਅੰਕ ਬਣਾ ਕੇ ਦੂਜੇ ਸਥਾਨ ਦੇ ਨਾਲ ਪਲੇਅ ਆਫ ਵਿਚ ਜਾਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ।
ਦਿਨ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਨੇ ਕਪਤਾਨ ਵਿਦਿਤ ਗੁਜਰਾਤੀ, ਭਗਤੀ ਕੁਲਕਰਨੀ ਤੇ ਆਰ. ਪ੍ਰਗਿਆਨੰਦਾ ਦੀਆਂ ਜਿੱਤਾਂ ਤੇ ਵਿਸ਼ਵਨਾਥਨ ਆਨੰਦ, ਹਰਿਕਾ ਦ੍ਰੋਣਾਵਲੀ ਤੇ ਵੰਤਿਕਾ ਅਗਰਵਾਲ ਦੇ ਡਰਾਅ ਦੀ ਮਦਦ ਨਾਲ ਮੰਗੋਲੀਆ ਨੂੰ 4.5-1.5 ਨਾਲ ਹਰਾਇਆ। ਦੂਜੇ ਮੁਕਾਬਲੇ ਵਿਚ ਇਕ ਸਮੇਂ ਮੁਸ਼ਕਿਲ ਸਥਿਤੀ ਵਿਚ ਦਿਸ ਰਹੇ ਭਾਰਤ ਨੂੰ ਪੇਂਟਾਲਾ ਹਰਿਕ੍ਰਿਸ਼ਣਾ, ਹਰਿਕਾ ਦ੍ਰੋਣਾਵਲੀ ਤੇ ਵੰਤਿਕਾ ਅਗਰਵਾਲ ਦੀ ਜਿੱਤ ਤੇ ਕੋਨੇਰੂ ਹੰਪੀ ਤੇ ਨਿਹਾਲ ਸਰੀਨ ਦੇ ਡਰਾਅ ਨੇ 4-2 ਨਾਲ ਜਿੱਤ ਦਿਵਾ ਕੇ ਅੰਕ ਸੂਚੀ ਵਿਚ ਚੋਟੀ 'ਤੇ ਬਰਕਰਾਰ ਰੱਖਿਆ ਸੀ।
ਪਰ ਭਾਰਤ ਦਿਨ ਦੇ ਆਖਰੀ ਰਾਊਂਡ ਵਿਚ ਅਰਵਿੰਦ ਚਿਦਾਂਬਰਮ, ਪ੍ਰਗਿਆਨੰਦਾ ਤੇ ਦਿਵਿਆ ਦੇਸ਼ਮੁਖ ਦੀ ਜਿੱਤ ਦੇ ਸਹਾਰੇ 3-1 ਨਾਲ ਜਦੋਂ ਅੱਗੇ ਚੱਲ ਰਿਹਾ ਸੀ ਪਰ ਤਦ ਇੰਟਰਨੈੱਟ ਦੀ ਖਰਾਬੀ ਕਾਰਣ ਕਪਤਾਨ ਵਿਦਿਤ ਤੇ ਕੋਨੇਰੂ ਹੰਪੀ ਦਾ ਸਮਾਂ ਖਤਮ ਹੋ ਗਿਆ ਤੇ ਉਹ ਮੁਕਾਬਲਾ ਹਾਰ ਗਏ ਤੇ ਨਤੀਜੇ ਵਜੋਂ ਭਾਰਤ ਨੂੰ ਮੰਗੋਲੀਆ ਹੱਥੋਂ ਜਿੱਤੀ ਬਾਜ਼ੀ 3-3 ਨਾਲ ਡਰਾਅ ਕਰਨੀ ਪਈ। ਪਲੇਅ ਆਫ ਵਿਚ ਪਹੁੰਚਣ ਲਈ ਭਾਰਤ ਨੂੰ ਟਾਪ-3 ਵਿਚ ਆਉਣਾ ਪਵੇਗਾ ਤੇ ਕੱਲ ਭਾਰਤ ਨੂੰ ਹੁਣ ਤਕ ਦੇ ਸਭ ਤੋਂ ਮੁਸ਼ਕਿਲ ਮੁਕਾਬਲੇ ਜਾਰਜੀਆ, ਜਰਮਨੀ ਤੇ ਚੀਨ ਨਾਲ ਖੇਡਣਾ ਹੈ।