ਝੂਲਨ ਗੋਸਵਾਮੀ ਨੂੰ ਲਾਰਡਸ ’ਚ ਸ਼ਾਨਦਾਰ ਵਿਦਾਈ ਦੇਣ ਲਈ ਭਾਰਤ ਤਿਆਰ : ਹਰਮਨਪ੍ਰੀਤ
Friday, Sep 23, 2022 - 05:12 PM (IST)

ਕੈਂਟਬਰੀ (ਭਾਸ਼ਾ)- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਇੰਗਲੈਂਡ ਖ਼ਿਲਾਫ਼ ਇਕ ਰੋਜ਼ਾ ਲੜੀ ਜਿੱਤਣ ਮਗਰੋਂ ਉਨ੍ਹਾਂ ਦੀ ਟੀਮ ਹੁਣ ਸ਼ਨੀਵਾਰ ਨੂੰ ਲਾਰਡਜ਼ ’ਚ ਤੀਜੇ ਵਨਡੇ ’ਚ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਸ਼ਾਨਦਾਰ ਵਿਦਾਈ ਦੇਣ ਲਈ ਤਿਆਰ ਹੈ। ਮੌਜੂਦਾ ਇੰਗਲੈਂਡ ਦੌਰੇ ਤੋਂ ਬਾਅਦ 39 ਸਾਲਾ ਝੂਲਨ ਗੋਸਵਾਮੀ ਆਪਣੇ 2 ਦਹਾਕਿਆਂ ਦੇ ਕਰੀਅਰ ਨੂੰ ਅਲਵਿਦਾ ਕਹਿ ਦੇਵੇਗੀ ਤੇ ਹਰਮਨਪ੍ਰੀਤ ਦਾ ਮੰਨਣਾ ਹੈ ਕਿ ਸੀਰੀਜ਼ ’ਚ ‘ਕਲੀਨ ਸਵੀਪ’ ਕਰਨਾ ਉਸ ਲਈ ਸ਼ਾਨਦਾਰ ਵਿਦਾਈ ਹੋਵੇਗੀ।
ਭਾਰਤ ਨੇ ਦੂਜੇ ਵਨਡੇ ’ਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ 23 ਸਾਲ ਬਾਅਦ ਉਨ੍ਹਾਂ ਦੀ ਧਰਤੀ ’ਤੇ ਵਨਡੇ ਸੀਰੀਜ਼ ਜਿੱਤ ਲਈ ਹੈ। ਹਰਮਨਪ੍ਰੀਤ ਨੇ ਕਿਹਾ, ‘‘ਲਾਰਡਸ ’ਤੇ ਹੋਣ ਵਾਲਾ ਆਖਰੀ ਮੈਚ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਉਸ ਤੋਂ ਬਾਅਦ ਝੂਲਨ ਸੰਨਿਆਸ ਲੈ ਲਵੇਗੀ ਤੇ ਅਸੀਂ ਬਿਨਾਂ ਕਿਸੇ ਦਬਾਅ ਦੇ ਇਸ ਮੈਚ ਦਾ ਆਨੰਦ ਲੈਣਾ ਚਾਹੁੰਦੇ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਅੱਜ ਜਿੱਤ ਦਰਜ ਕਰਨ ’ਚ ਸਫਲ ਰਹੇ ਤੇ ਹੁਣ ਅਸੀਂ ਉਸ ਮੈਚ ਦਾ ਪੂਰਾ ਆਨੰਦ ਲੈ ਸਕਦੇ ਹਾਂ।’’ ਭਾਰਤੀ ਕਪਤਾਨ ਨੇ ਕਿਹਾ ਕਿ ਝੂਲਨ ਗੋਸਵਾਮੀ ਟੀਮ ਦੇ ਸਾਰੇ ਖਿਡਾਰੀਆਂ ਲਈ ਪ੍ਰੇਰਣਾਸ੍ਰੋਤ ਰਹੀ ਹੈ। ਉਨ੍ਹਾਂ ਕਿਹਾ, ‘‘ਉਹ ਇਕ ਅਜਿਹੀ ਖਿਡਾਰੀ ਹੈ ਜਿਸ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ, ਜਦੋਂ ਮੈਂ ਆਪਣਾ ਡੈਬਿਊ ਕੀਤਾ ਤਾਂ ਉਹ ਕਪਤਾਨ ਸੀ ਤੇ ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਹੁਣ ਸਾਡੀ ਨੌਜਵਾਨ ਗੇਂਦਬਾਜ਼ ਰੇਣੂਕਾ ਸਿੰਘ ਤੇ ਮੇਘਨਾ ਸਿੰਘ ਵੀ ਉਸ ਤੋਂ ਸਿੱਖ ਰਹੀਆਂ ਹਨ। ਉਹ ਸਾਡੇ ਸਾਰਿਆਂ ਲਈ ਪ੍ਰੇਰਣਾਸ੍ਰੋਤ ਰਹੀ ਹੈ।”