ਭਾਰਤ ਨੇ ਜੂਨੀਅਰ ਏਸ਼ੀਆ ਕੱਪ ''ਚ ਪਾਕਿਸਤਾਨ ਨਾਲ ਮੈਚ 1-1 ਨਾਲ ਡਰਾਅ ਖੇਡਿਆ
Sunday, May 28, 2023 - 07:41 PM (IST)
ਸਲਾਲਾਹ (ਓਮਾਨ)– ਭਾਰਤ ਤੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਇੱਥੇ ਖੇਡਿਆ ਗਿਆ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦਾ ਰੋਮਾਂਚਕ ਮੁਕਾਬਲਾ 1-1 ਦੀ ਬਰਾਬਰੀ ’ਤੇ ਖਤਮ ਹੋਇਆ। ਭਾਰਤ ਲਈ ਖੇਡੇ ਗਏ ਮੁਕਾਬਲੇ ਵਿਚ ਸ਼ਾਰਦਾ ਨੰਦ ਤਿਵਾੜੀ ਨੇ 24ਵੇਂ ਮਿੰਟ ਵਿਚ ਗੋਲ ਕੀਤਾ। ਬਸ਼ਾਰਤ ਅਲੀ ਨੇ 44ਵੇਂ ਮਿੰਟ ਵਿਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਇਸ ਡਰਾਅ ਤੋਂ ਬਾਅਦ ਭਾਰਤ 3 ਮੈਚਾਂ ਵਿਚੋਂ 7 ਅੰਕਾਂ ਨਾਲ ਪੂਲ-ਏ ਵਿਚ ਪਾਕਿਸਤਾਨ (7 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਜਾਪਾਨ 3 ਮੈਚਾਂ ਵਿਚੋਂ 6 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।
ਭਾਰਤ ਨੇ ਜੂਨੀਅਰ ਏਸ਼ੀਆ ਕੱਪ ਮੁਹਿੰਮ ਦੀ ਸ਼ੁਰੂਆਤ ਚੀਨੀ ਤਾਈਪੇ ਨੂੰ 18-0 ਨਾਲ ਹਰਾ ਕੇ ਕੀਤੀ ਸੀ ਜਦਕਿ ਦੂਜੇ ਮੈਚ ਵਿਚ ਉਸ ਨੇ ਜਾਪਾਨ ਨੂੰ 3-1 ਨਾਲ ਹਰਾਇਆ ਸੀ। ਪਾਕਿਸਤਾਨ ਵਿਰੁੱਧ ਵੀ ਭਾਰਤੀ ਨੌਜਵਾਨ ਸ਼ੁਰੂਆਤ ਤੋਂ ਹੀ ਹਮਲਵਾਰ ਰਹੇ ਤੇ ਵਾਰ-ਵਾਰ ਹਮਲਿਆਂ ਦੇ ਨਾਲ ਪਾਕਿਸਤਾਨ ਦੇ ਡਿਫੈਂਸ ਨੂੰ ਦਬਾਅ ਵਿਚ ਰੱਖਿਆ। ਭਾਰਤ ਨੇ ਮੈਚ ਦੇ ਸ਼ੁਰੂਆਤੀ ਹਿੱਸੇ ਵਿਚ ਦੋ ਪੈਨਲਟੀ ਕਾਰਨਰ ਵੀ ਹਾਸਲ ਕੀਤੇ ਪਰ ਉਸਦਾ ਫਾਇਦਾ ਨਹੀਂ ਚੁੱਕ ਸਕਿਆ। ਦੂਜੇ ਪਾਸੇ, ਪਾਕਿਸਤਾਨ ਵੀ ਕੁਝ ਮੌਕੇ ਬਣਾਉਣ ਵਿਚ ਕਾਮਯਾਬ ਰਿਹਾ।
ਪਹਿਲੇ ਕੁਆਰਟਰ ਵਿਚ ਪਾਕਿਸਤਾਨ ਪੈਨਲਟੀ ਕਾਰਨਰ ਦੇ ਰਾਹੀਂ ਸਕੋਰ ਕਰਨ ਦੇ ਨੇੜੇ ਪਹੁੰਚ ਗਿਆ ਸੀ ਪਰ ਭਾਰਤੀ ਗੋਲਕੀਪਰ ਅਮਨਦੀਪ ਲਾਕੜਾ ਨੇ ਉਸ ਨੂੰ ਗੋਲ ਨਹੀਂ ਕਰਨ ਦਿੱਤਾ। ਸ਼ਾਰਦਾ ਨੰਦ ਨੇ ਅੰਤ ਦੂਜੇ ਕੁਆਰਟਰ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰਦੇ ਹੋਏ ਭਾਰਤ ਨੂੰ ਬੜ੍ਹਤ ਦਿਵਾਈ।
ਭਾਰਤ ਨੇ ਪਾਕਿਸਤਾਨੀ ਡਿਫੈਂਸ ਨੂੰ ਦਬਾਅ ਵਿਚ ਪਾ ਕੇ ਨੈੱਟ ’ਤੇ ਹਮਲਾ ਜਾਰੀ ਰੱਖਿਆ। ਹਾਫ ਟਾਈਮ ਤੋਂ ਪਹਿਲਾਂ ਇਕ ਮੌਕਾ ਗੁਆਉਣ ਦੇ ਬਾਵਜੂਦ ਭਾਰਤੀ ਟੀਮ ਦੀ ਬੜ੍ਹਤ ਬਰਕਰਾਰ ਰਹੀ। ਤੀਜੇ ਕੁਆਰਟਰ ਵਿਚ ਹਾਲਾਂਕਿ ਪਾਕਿਸਤਾਨ ਹਮਲਵਾਰ ਰਵੱਈਏ ਨਾਲ ਉਤਰਿਆ ਤੇ ਕੁਆਰਟਰ ਦੀ ਸਮਾਪਤੀ ਤੋਂ ਠੀਕ ਪਹਿਲਾਂ ਬਸ਼ਾਰਤ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਆਖਰੀ ਕੁਆਰਟਰ ਵਿਚ ਦੋਵੇਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਭਾਰਤ ਜਿੱਥੇ ਪਾਕਿਸਤਾਨ ਹਾਫ ਵਿਚ ਹਾਵੀ ਰਿਹਾ, ਉੱਥੇ ਹੀ, ਪਾਕਿਸਤਾਨ ਨੇ ਵੀ ਲਗਾਤਾਰ ਜਵਾਬੀ ਕਾਰਵਾਈ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਦੋਵੇਂ ਟੀਮਾਂ ਹਾਲਾਂਕਿ ਕਈ ਮੌਕੇ ਬਣਾਉਣ ਦੇ ਬਾਵਜੂਦ ਗੋਲ ਨਹੀਂ ਕਰ ਸਕੀਆਂ ਤੇ ਮੈਚ ਡਰਾਅ ’ਤੇ ਖਤਮ ਹੋਇਆ।