CWC : ਜਾਣੋ ਟੀਮ ਇੰਡੀਆ ਦੀ ਪਾਕਿ 'ਤੇ ਸ਼ਾਨਦਾਰ ਜਿੱਤ ਦੇ ਪ੍ਰਮੁੱਖ ਕਾਰਨ
Monday, Jun 17, 2019 - 11:19 AM (IST)

ਸਪੋਰਟਸ ਡੈਸਕ— ਐਤਵਾਰ ਨੂੰ ਵਰਲਡ ਕੱਪ 2019 ਦੇ 22ਵੇਂ ਮੈਚ 'ਚ ਮੈਨਚੈਸਟਰ 'ਚ ਦੋ ਲੰਬੇ ਸਮੇਂ ਦੀਆਂ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਈਆਂ। ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ ਡਕਵਰਥ ਲੁਈਸ ਨਿਯਮ ਤਹਿਤ 89 ਦੌੜਾਂ ਨਾਲ ਹਰਾ ਦਿੱਤਾ। ਇਹ ਭਾਰਤ ਦੀ ਪਾਕਿਸਤਾਨ 'ਤੇ ਵਰਲਡ ਕੱਪ 'ਚ ਲਗਾਤਾਰ 7ਵੀਂ ਜਿੱਤ ਹੈ। ਆਓ ਤੁਹਾਨੂੰ ਦਸਦੇ ਹਾਂ ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ ਦੇ ਪ੍ਰਮੁੱਖ ਕਾਰਨ :-
1. ਰੋਹਿਤ ਸ਼ਰਮਾ ਦਾ ਸ਼ਾਨਦਾਰ ਸੈਂਕੜਾ
ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਲਗਾਉਂਦੇ ਹੋਏ 113 ਗੇਂਦਾਂ 'ਤੇ 140 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਟੀਮ ਇੰਡੀਆ ਨੇ 300 ਦੇ ਉੱਪਰ ਦਾ ਸਕੋਰ ਖੜ੍ਹਾ ਕੀਤਾ ਤੇ ਪਾਕਿਸਤਾਨ ਦੀ ਟੀਮ ਇਸ ਸਕੋਰ ਦੇ ਅੱਗੇ ਦਬਾਅ 'ਤੇ ਆ ਗਈ।
2. ਕੁਲਦੀਪ ਯਾਦਵ ਦਾ ਕਮਾਲ
ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਖਿਲਾਫ ਇਸ ਮੈਚ 'ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਦੋ ਧਾਕੜ ਬੱਲੇਬਾਜ਼ ਫਖਰ ਜ਼ਮਾਨ ਤੇ ਬਾਬਰ ਆਜ਼ਮ ਦੇ ਵਿਕਟ ਝਟਕਾਏ।
3. ਵਿਜੇ ਸ਼ੰਕਰ ਦੀ ਸ਼ਾਨਦਾਰ ਗੇਂਦਬਾਜ਼ੀ
ਵਰਲਡ ਕੱਪ 'ਚ ਪਹਿਲੀ ਵਾਰ ਖੇਡਣ ਵਾਲੇ ਆਲਰਾਊਂਡਰ ਵਿਜੇ ਸ਼ੰਕਰ ਨੇ ਭਾਵੇਂ ਆਪਣੀ ਬੱਲੇਬਾਜ਼ੀ ਨਾਲ ਕੋਈ ਖਾਸ ਕਮਾਲ ਨਾ ਕੀਤਾ ਹੋਵੇ ਪਰ ਉਸ ਨੇ ਗੇਂਦਬਾਜ਼ੀ 'ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਵਿਜੇ ਸ਼ੰਕਰ ਨੇ ਪਾਕਿਸਤਾਨ ਦੇ ਦੋ ਪ੍ਰਮੁੱਖ ਬੱਲੇਬਾਜ਼ ਇਮਾਮ-ਉਲ-ਹੱਕ ਅਤੇ ਸਰਫਰਾਜ਼ ਅਹਿਮਦ (ਕਪਤਾਨ) ਨੂੰ ਸਸਤੇ 'ਚ ਆਊਟ ਕਰਕੇ ਪਵੇਲੀਅਨ ਭੇਜ ਦਿੱਤਾ।
4. ਹਾਰਦਿਕ ਪੰਡਯਾ ਦਾ ਆਲਰਾਊਂਡਰ ਪ੍ਰਦਰਸ਼ਨ
ਭਾਰਤ ਦੀ ਜਿੱਤ 'ਚ ਆਲਰਾਊਂਡਰ ਹਾਰਦਿਕ ਪੰਡਯਾ ਨੇ ਵੀ ਕਾਫੀ ਯੋਗਦਾਨ ਦਿੱਤਾ। ਹਾਰਦਿਕ ਪੰਡਯਾ ਨੇ ਪਹਿਲਾਂ ਬੱਲੇਬਾਜ਼ੀ 'ਚ 19 ਗੇਂਦਾਂ 'ਤੇ 26 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਤੋਂ ਬਾਅਦ ਗੇਂਦਬਾਜ਼ੀ 'ਚ 44 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਹਾਰਦਿਕ ਨੇ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਹਫੀਜ਼ ਤੇ ਸ਼ੋਏਬ ਮਲਿਕ ਦੀਆਂ ਵਿਕਟਾਂ ਝਟਕਾਈਆਂ।
5. ਸਰਫਰਾਜ਼ ਅਹਿਮਦ ਦਾ ਗਲਤ ਫੈਸਲਾ
ਭਾਰਤ ਦੀ ਇਸ ਜਿੱਤ 'ਚ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਦਾ ਵੀ ਹੱਥ ਰਿਹਾ। ਸਰਫਰਾਜ਼ ਨੇ ਟਾਸ ਜਿੱਤਣ ਦੇ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਗਲਤ ਫੈਸਲਾ ਉਸ ਦੀ ਟੀਮ 'ਤੇ ਭਾਰੀ ਪਿਆ। ਪਾਕਿਸਤਾਨ ਦੀ ਟੀਮ ਭਾਰਤ ਵੱਲੋਂ ਮਿਲੇ ਵੱਡੇ ਟੀਚੇ ਦਾ ਪਿੱਛਾ ਕਰਨ 'ਚ ਅਸਫਲ ਰਹੀ ਤੇ ਇਹ ਮੈਚ ਹਾਰ ਗਈ।