ਗਾਂਗੁਲੀ ਦੀ ਭਾਰਤ ਨੂੰ WTC Final ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੀ ਸਲਾਹ, ਖ਼ਾਸ ਹੈ ਵਜ੍ਹਾ
Friday, Jun 18, 2021 - 02:00 PM (IST)

ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸਾਊਥੰਪਟਨ ਦੇ ਏਜਿਸ ਬਾਊਲ ’ਚ ਅੱਜ (18 ਜੂਨ) ਤੋਂ ਉਦਘਾਟਨੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫ਼ਾਈਨਲ ਮੈਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ 3 ਵਜੇ ਸ਼ੁਰੂ ਹੋਵੇਗਾ। ਇਸ ਮੈਚ ’ਚ ਮੀਂਹ ਵੱਲੋਂ ਅੜਿੱਕਾ ਪਾਉਣ ਦੀ ਸੰਭਾਵਨਾ ਹੈ। ਅਜਿਹੇ ’ਚ ਟਾਸ ਮਹੱਤਵਪੂਰਨ ਹੈ। ਸਾਬਕਾ ਭਾਰਤੀ ਕਪਤਾਨ ਤੇ ਮੌਜੂਦਾ ਭਾਰਤੀ ਕ੍ਰਿਕਟ ਕਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਜੇਕਰ ਭਾਰਤ ਟਾਸ ਜਿੱਤਦਾ ਹੈ ਤਾਂ ਉਸ ਨੂੰ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ।
ਗਾਂਗੁਲੀ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ’ਚ ਕਿਹਾ, ਬੱਦਲ ਛਾਏ ਰਹਿਣ ਦੇ ਬਾਵਜੂਦ ਭਾਰਤ ਦੀ ਟੀਮ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਜ਼ੀ ਕਰਨ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਜੇਕਰ ਰਿਕਾਰਡਸ ’ਤੇ ਨਜ਼ਰ ਮਾਰੀਏ ਤਾਂ ਵਿਦੇਸ਼ੀ ਸਰਜ਼ਮੀਂ ’ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਸੀਂ ਮੈਚ ਜਿੱਤੇ ਹਨ।
ਬੀ. ਸੀ. ਸੀ. ਆਈ. ਦੇ ਪ੍ਰਧਾਨ ਨੇ ਕਿਹਾ, ਇਹ ਇਕ ਬਦਲ ਹੈ ਕਿ ਤੁਸੀਂ ਉਲਟ ਹਾਲਾਤ ’ਚ ਸ਼ੁਰੂਆਤ ’ਚ ਦਬਾਅ ਮਹਿਸੂਸ ਕਰਨਾ ਚਾਹੁੰਦੇ ਹੋ ਜਾਂ ਫਿਰ ਚੌਥੀ ਪਾਰੀ ਦਾ ਇੰਤਜ਼ਾਰ ਕਰਨਾ ਚਾਹੁੰਦੇ ਹੋ। ਤੁਸੀਂ 2002 ਲੀਡਸ ਜਾਂ 2018 ਸਾਊਥ ਅਫ਼ਰੀਕਾ ਖ਼ਿਲਾਫ਼ ਮੈਚ ਦੇਖੋ, ਅਸੀਂ ਗੇਂਦਬਾਜ਼ਾਂ ਲਈ ਮਦਦਗਾਰ ਹਾਲਾਤ ’ਚ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਤੇ ਸ਼ੁਰੂਆਤ ’ਚ ਦਬਾਅ ਝੱਲਿਆ ਤੇ ਫਿਰ ਸਕੋਰ ਬੋਰਡ ’ਤੇ ਦੌੜਾਂ ਬਣਾਉਂਦੇ ਹੋਏ ਮੈਚ ਜਿੱਤੇ। ਉਨ੍ਹਾਂ ਕਿਹਾ, ਡਬਲਯੂ. ਟੀ. ਸੀ. ਫ਼ਾਈਨਲ ’ਚ ਓਪਨਰ ਰੋਹਿਤ ਸ਼ਰਮਾ ਤੇ ਸ਼ੁੱਭਮਨ ਗਿੱਲ ਦਾ ਰੋਲ ਕਾਫ਼ੀ ਅਹਿਮ ਹੋਵੇਗਾ।