ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਕਾਰਨ ਇਕ ਹੋਰ ਵੱਡਾ ਰਿਕਾਰਡ ਤੋੜਨ ਤੋਂ ਖੁੰਝੀ ਟੀਮ ਇੰਡੀਆ
Monday, Nov 20, 2023 - 03:28 PM (IST)

ਸਪੋਰਟਸ ਡੈਸਕ - ਵਿਸ਼ਵ ਕੱਪ 2023 ਦੇ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਹਾਰ ਕੇ ਭਾਰਤ ਦਾ 10 ਸਾਲ ਬਾਅਦ ਆਈ.ਸੀ.ਸੀ. ਟ੍ਰਾਫ਼ੀ ਜਿੱਤਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ। ਬੇਸ਼ੱਕ ਵਿਸ਼ਵ ਕੱਪ ਦਾ ਇਹ ਸੀਜ਼ਨ ਭਾਰਤੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੇ ਨਾਂ ਰਿਹਾ, ਪਰ ਫਾਈਨਲ 'ਚ ਭਾਰਤੀ ਬੱਲੇਬਾਜ਼ੀ ਲੜਖੜਾ ਗਈ ਤੇ ਗੇਂਦਬਾਜ਼ੀ 'ਚ ਵੀ ਪਹਿਲਾਂ ਵਰਗੀ ਧਾਰ ਨਜ਼ਰ ਨਹੀਂ ਆਈ।
ਆਸਟ੍ਰੇਲੀਆ ਨੇ ਭਾਰਤ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਤੇ ਗਏ 241 ਦੌੜਾਂ ਦੇ ਟੀਚੇ ਨੂੰ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ, ਤੇ ਰਿਕਾਰਡ 6ਵੀਂ ਵਾਰ ਵਨਡੇ ਵਿਸ਼ਵ ਕੱਪ ਦੀ ਟ੍ਰਾਫੀ 'ਤੇ ਕਬਜ਼ਾ ਕੀਤਾ। ਆਸਟ੍ਰੇਲੀਆ ਵੱਲੋਂ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 137 ਦੌੜਾਂ ਦੀ ਪਾਰੀ ਖੇਡੀ ਤੇ ਆਸਟ੍ਰੇਲੀਆ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਹਾਰ ਨਾਲ ਭਾਰਤ ਦਾ ਤੀਜੀ ਵਾਰ ਵਨਡੇ ਵਿਸ਼ਵ ਕੱਪ ਟ੍ਰਾਫ਼ੀ ਜਿੱਤਣ ਦਾ ਸੁਫ਼ਨਾ ਟੁੱਟ ਗਿਆ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਸਾਲ 1987, 1999, 2003, 2007 ਤੇ 2015 'ਚ ਵਨਡੇ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ- ਟੁੱਟਿਆ 140 ਕਰੋੜ ਭਾਰਤੀਆਂ ਦਾ ਸੁਫ਼ਨਾ, ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਬਣਿਆ ਵਰਲਡ ਚੈਂਪੀਅਨ
ਇਸ ਤੋਂ ਇਲਾਵਾ ਇਕ ਹੋਰ ਰਿਕਾਰਡ ਸੀ, ਜੋ ਭਾਰਤ ਫਾਈਨਲ 'ਚ ਆਸਟ੍ਰੇਲੀਆ ਨੂੰ ਹਰਾ ਕੇ ਤੋੜ ਸਕਦਾ ਸੀ। ਉਹ ਰਿਕਾਰਡ ਹੈ ਵਨਡੇ ਵਿਸ਼ਵ ਕੱਪ 'ਚ ਲਗਾਤਾਰ 11 ਜਿੱਤਾਂ ਦੇ ਆਸਟ੍ਰੇਲੀਆ ਦੇ ਰਿਕਾਰਡ ਨੂੰ ਤੋੜਨਾ। ਆਸਟ੍ਰੇਲੀਆ ਦੀ ਟੀਮ ਨੇ 2003 ਤੇ 2007 ਦੇ ਦੋਵਾਂ ਵਨਡੇ ਵਿਸ਼ਵ ਕੱਪ ਸੀਜ਼ਨਾਂ 'ਚ ਲਗਾਤਾਰ 11 ਮੈੈਚ ਜਿੱਤੇ ਸੀ ਤੇ ਟ੍ਰਾਫ਼ੀ 'ਤੇ ਵੀ ਕਬਜ਼ਾ ਕੀਤਾ ਸੀ। 2003 ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਟ੍ਰਾਫ਼ੀ 'ਤੇ ਕਬਜ਼ਾ ਕੀਤਾ ਸੀ। ਇਸ ਦੇ ਨਾਲ ਹੀ ਉਹ ਇਕ ਵਿਸ਼ਵ ਕੱਪ ਸੀਜ਼ਨ 'ਚ ਲਗਾਤਾਰ ਸਭ ਤੋਂ ਵੱਧ ਮੈਚ ਜਿੱਤਣ ਵਾਲੀ ਟੀਮ ਵੀ ਬਣ ਗਈ ਸੀ। 2007 ਦੇ ਵਿਸ਼ਵ ਕੱਪ 'ਚ ਵੀ ਇਹੀ ਹਾਲ ਰਿਹਾ, ਜਿੱਥੇ ਆਸਟ੍ਰੇਲੀਆ ਨੇ ਲਗਾਤਾਰ 11 ਮੈਚ ਜਿੱਤ ਕੇ ਲਗਾਤਾਰ ਤੀਜੀ ਵਾਰ ਟ੍ਰਾਫ਼਼ੀ 'ਤੇ ਕਬਜ਼ਾ ਕੀਤਾ ਸੀ।
ਭਾਰਤੀ ਟੀਮ ਨੇ ਇਸ ਵਿਸ਼ਵ ਕੱਪ ਸੀਜ਼ਨ 'ਚ ਆਪਣੇ ਸਾਰੇ ਲੀਗ ਮੈਚਾਂ ਸਮੇਤ ਸੈਮੀਫਾਈਨਲ ਵੀ ਜਿੱਤ ਲਿਆ ਸੀ। ਜੇਕਰ ਭਾਰਤ ਫਾਈਨਲ 'ਚ ਆਸਟ੍ਰੇਲੀਆ ਨੂੰ ਹਰਾ ਦਿੰਦੀ ਤਾਂ ਉਹ ਆਸਟ੍ਰੇਲੀਆ ਨਾਲ ਸਾਂਝੇ ਤੌਰ 'ਤੇ ਵਿਸ਼ਵ ਕੱਪ 'ਚ ਲਗਾਤਾਰ ਸਭ ਤੋਂ ਵੱਧ ਮੈਚ ਜਿੱਤਣ ਵਾਲੀ ਟੀਮ ਬਣ ਜਾਂਦੀ। ਪਰ ਆਸਟ੍ਰੇਲੀਆ ਨੇ ਫਾਈਨਲ 'ਚ ਭਾਰਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਤੇ 6 ਵਿਕਟਾਂ ਨਾਲ ਹਰਾ ਕੇ ਆਪਣੇ ਦੇਸ਼ ਨੂੰ ਟ੍ਰਾਫੀ ਦਿਵਾਈ।
ਇਹ ਵੀ ਪੜ੍ਹੋ- World Cup Final ਮੁਕਾਬਲੇ 'ਚ ਮਿਲੀ ਹਾਰ ਮਗਰੋਂ ਕਪਤਾਨ ਰੋਹਿਤ ਸ਼ਰਮਾ ਦਾ ਪਹਿਲਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8