ਬਿਲੀ ਜੀਨ ਕਿੰਗ ਕੱਪ : ਨਿਊਜ਼ੀਲੈਂਡ ਹੱਥੋਂ ਹਾਰ ਨਾਲ ਭਾਰਤ ਪਲੇਅ-ਆਫ ਵਿੱਚ ਥਾਂ ਬਣਾਉਣ ਤੋਂ ਖੁੰਝਿਆ
Saturday, Apr 13, 2024 - 07:14 PM (IST)
ਚਾਂਗਸ਼ਾ (ਚੀਨ), (ਭਾਸ਼ਾ) ਅਨੁਭਵੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਦੂਜਾ ਸਿੰਗਲ ਗੁਆਉਣ ਤੋਂ ਬਾਅਦ ਆਪਣੀ ਜੋੜੀਦਾਰ ਪ੍ਰਾਰਥਨਾ ਥੋਮਬਰੇ ਨਾਲ ਫੈਸਲਾਕੁੰਨ ਡਬਲਜ਼ ਮੈਚ ਹਾਰ ਗਈ ਜਿਸ ਨਾਲ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਨਿਊਜ਼ੀਲੈਂਡ ਤੋਂ 1-2 ਨਾਲ ਪਿੱਛੜ ਕੇ ਬਿਲੀ ਜੀਨ ਕਿੰਗ ਕੱਪ ਪਲੇਅ-ਆਫ ਵਿੱਚ ਥਾਂ ਬਣਾਉਣ ਦਾ ਇਤਿਹਾਸਕ ਮੌਕਾ ਗੁਆ ਦਿੱਤਾ। ਭਾਰਤ ਟੂਰਨਾਮੈਂਟ ਵਿੱਚ ਤੀਜੇ ਸਥਾਨ ’ਤੇ ਰਹਿ ਕੇ ਏਸ਼ੀਆ/ਓਸ਼ੀਆਨਾ ਗਰੁੱਪ 1 ਵਿੱਚ ਬਣਿਆ ਰਿਹਾ।
ਰੁਤੁਜਾ ਭੌਂਸਲੇ ਨੇ ਸ਼ੁਰੂਆਤੀ ਸਿੰਗਲਜ਼ ਵਿੱਚ ਮੋਨਿਕਾ ਬੈਰੀ ਨੂੰ 6-2, 7-6 ਨਾਲ ਹਰਾ ਕੇ ਭਾਰਤ ਨੂੰ ਅੱਗੇ ਕੀਤਾ। ਦੂਜੇ ਸਿੰਗਲ ਮੈਚ ਵਿੱਚ ਅੰਕਿਤਾ ਨੂੰ ਵਿਸ਼ਵ ਦੀ 169ਵੀਂ ਰੈਂਕਿੰਗ ਦੀ ਖਿਡਾਰਨ ਲੁਲੂ ਸਨ ਤੋਂ ਇੱਕਤਰਫਾ ਮੈਚ ਵਿੱਚ 2-6, 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੇਕਰ ਅੰਕਿਤਾ ਇਹ ਮੈਚ ਜਿੱਤ ਜਾਂਦੀ ਤਾਂ ਭਾਰਤ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਪਲੇਆਫ 'ਚ ਜਗ੍ਹਾ ਬਣਾ ਲੈਂਦਾ। ਇਸ ਤੋਂ ਬਾਅਦ ਭਾਰਤ ਨੂੰ ਪਲੇਆਫ ਦੀ ਟਿਕਟ ਹਾਸਲ ਕਰਨ ਲਈ ਕਿਸੇ ਵੀ ਕੀਮਤ 'ਤੇ ਡਬਲਜ਼ ਮੈਚ ਜਿੱਤਣਾ ਸੀ ਪਰ ਅੰਕਿਤਾ ਅਤੇ ਪ੍ਰਾਰਥਨਾ ਦੀ ਜੋੜੀ ਪੇਜ ਹੋਰੀਗਨ ਅਤੇ ਏਰਿਨ ਰਾਊਟਲਿਫ ਤੋਂ 1-6, 5-7 ਨਾਲ ਹਾਰ ਗਈ। ਭਾਰਤ ਗਰੁੱਪ ਇਕ ਵਿਚ ਛੇ ਟੀਮਾਂ ਵਿਚੋਂ ਤੀਜੇ ਸਥਾਨ 'ਤੇ ਰਿਹਾ ਅਤੇ ਅਗਲੇ ਸਾਲ ਫਿਰ ਉਸੇ ਗਰੁੱਪ ਵਿਚ ਚੁਣੌਤੀ ਦੇਵੇਗਾ।