Tokyo Olympics : ਪੁਰਸ਼ ਹਾਕੀ ’ਚ ਭਾਰਤ ਦੀ ਵੱਡੀ ਜਿੱਤ, ਸੈਮੀਫ਼ਾਈਨਲ ’ਚ ਪਹੁੰਚੀ ‘ਟੀਮ ਇੰਡੀਆ’
Sunday, Aug 01, 2021 - 07:45 PM (IST)
ਸਪੋਰਟਸ ਡੈਸਕ– ਐਤਵਾਰ ਨੂੰ ਖੇਡੇ ਗਏ ਟੋਕੀਓ ਓਲੰਪਿਕ ’ਚ ਪੁਰਸ਼ ਹਾਕੀ ਦੇ ਕੁਆਰਟਰ ਫ਼ਾਈਨਲ ਮੁਕਾਬਲੇ ’ਚ ਭਾਰਤ ਨੇ ਬ੍ਰਿਟੇਨ ਨੂੰ 3-1 ਨਾਲ ਹਰਾ ਦਿੱਤਾ। ਜਿੱਤ ਦੇ ਹੀਰੋ ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਰਹੇ, ਜਿਨ੍ਹਾਂ ਨੇ ਚਾਰ ਬਿਹਤਰੀਨ ਬਚਾਅ ਕੀਤੇ। ਪਹਿਲੇ ਕੁਆਰਟਰ ’ਚ ਭਾਰਤੀ ਟੀਮ ਦਾ ਦਬਦਬਾ ਰਿਹਾ। ਤੀਜੇ ਮਿੰਟ ’ਚ ਬ੍ਰਿਟੇਨ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਭਾਰਤੀ ਡਿਫੈਂਡਰਾਂ ਨੇ ਨਾਕਾਮ ਕਰ ਦਿੱਤਾ। ਭਾਰਤ ਵੱਲੋਂ ਦਿਲਪ੍ਰੀਤ ਸਿੰਘ ਨੇ 7ਵੇਂ ਮਿੰਟ ’ਚ ਫੀਲਡ ਗੋਲ ਕੀਤਾ। ਦੂਜਾ ਗੋਲ ਗੁਰਜੰਟ ਸਿੰਘ ਨੇ 16ਵੇਂ ਓਵਰ ’ਚ ਕੀਤਾ। ਹਾਲਾਂਕਿ ਤੀਜੇ ਕੁਆਰਟਰ ’ਚ ਬ੍ਰਿਟੇਨ ਨੇ ਵਾਪਸੀ ਕੀਤੀ ਤੇ 45ਵੇਂ ਮਿੰਟ ’ਚ ਸੈਮ ਵਾਰਡ ਨੇ ਗੋਲ ਕੀਤਾ ਤੇ ਸਕੋਰ 2-1 ਕਰ ਦਿੱਤਾ।
ਹਾਰਦਿਕ ਸਿੰਘ ਨੇ 57ਵੇਂ ਮਿੰਟ ’ਚ ਗੋਲ ਦਾਗ਼ ਕੇ ਲੀਡ ਨੂੰ 3-1 ਕਰ ਦਿੱਤਾ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ 49 ਸਾਲ ਬਾਅਦ ਸੈਮੀਫ਼ਾਈਨਲ ’ਚ ਪੁੱਜੀ ਹੈ। ਇਸ ਤੋਂ ਪਹਿਲਾਂ ਮਾਂਟ੍ਰੀਅਲ ਓਲੰਪਿਕ (1972 ’ਚ ਭਾਰਤੀ ਟੀਮ ਸੈਮੀਫ਼ਾਈਨਲ ’ਚ ਪੁੱਜੀ ਸੀ। ਹਾਲਾਂਕਿ ਭਾਰਤੀ ਪੁਰਸ਼ ਟੀਮ ਨੇ 1980 ਦੇ ਮਾਸਕੋ ਓਲੰਪਿਕ ’ਚ ਗੋਲਡ ਮੈਡਲ ਜਿੱਤਿਆ ਸੀ ਪਰ ਉਦੋਂ ਭਾਰਤ ਨੇ 6 ਟੀਮਾਂ ਦੇ ਪੂਲ ’ਚ ਦੂਜੇ ਸਥਾਨ ’ਤੇ ਰਹਿ ਕੇ ਫ਼ਾਈਨਲ ਦਾ ਟਿਕਟ ਕਟਾਇਆ ਸੀ। ਸੈਮੀਫ਼ਾਈਨਲ ’ਚ ਭਾਰਤ ਦਾ ਸਾਹਮਣਾ ਬੈਲਜੀਅਮ ਨਾਲ ਹੋਵੇਗਾ। ਟੋਕੀਓ ਓਲੰਪਿਕ ’ਚ ਆਸਟਰੇਲੀਆ ਦੇ ਖ਼ਿਲਾਫ਼ 7-1 ਦੀ ਹਾਰ ਛੱਡ ਦਈਏ ਤਾਂ ਹੁਣ ਤਕ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੂਜੇ ਪਾਸੇ ਆਸਟਰੇਲੀਆ, ਬੈਲਜੀਅਮ ਤੇ ਜਰਮਨੀ ਦੀ ਪੁਰਸ਼ ਹਾਕੀ ਟੀਮਾਂ ਨੇ ਐਤਵਾਰ ਨੂੰ ਆਪਣਾ-ਆਪਣਾ ਕੁਆਰਟਰ ਫ਼ਾਈਨਲ ਮੁਕਾਬਲਾ ਜਿੱਤ ਕੇ ਸੈਮੀਫ਼ਾਈਨਲ ਦਾ ਟਿਕਟ ਕਟਾ ਲਿਆ ਹੈ।