ਓਲੰਪਿਕ ’ਚ ਇਕ ਮੁੱਕੇਬਾਜ਼ੀ ਕੋਟਾ ਗੁਆ ਸਕਦੈ ਭਾਰਤ, ਵਾਡਾ ਨੇ ਪਰਵੀਨ ਨੂੰ ਮੁਅੱਤਲ ਕੀਤਾ
Friday, May 17, 2024 - 09:04 PM (IST)
ਨਵੀਂ ਦਿੱਲੀ– ਪਿਛਲੇ 12 ਮਹੀਨਿਆਂ ਵਿਚ 3 ਵਾਰ ਆਪਣਾ ਟਿਕਾਣਾ ਨਾ ਦੱਸਣ ਕਾਰਨ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਪਰਵੀਨ ਹੁੱਡਾ ਨੂੰ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਉਹ ਪੈਰਿਸ ਓਲੰਪਿਕ ਦਾ ਕੋਟਾ ਵੀ ਗੁਆ ਸਕਦੀ ਹੈ।
ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਮਹਿਲਾਵਾਂ ਦੇ 57 ਕਿ. ਗ੍ਰਾ. ਭਾਰ ਵਰਗ ਵਿਚ ਓਲੰਪਿਕ ਕੋਟਾ ਹਾਸਲ ਕਰਨ ਵਾਲੀ ਪਰਵੀਨ ਨੇ ਅਪ੍ਰੈਲ 2022 ਤੋਂ ਮਾਰਚ 2023 ਵਿਚਾਲੇ ਆਪਣੇ ਟਿਕਾਣੇ ਦੀ ਜਾਣਕਾਰੀ ਨਹੀਂ ਦਿੱਤੀ ਹੈ ਜਿਹੜਾ ਵਾਡਾ ਨਿਯਮਾਂ ਦੇ ਤਹਿਤ ਨਾਮਨਜ਼ੂਰ ਹੈ।
ਪਰਵੀਨ ਦੇ ਕੋਚ ਸੁਧੀਰ ਹੁੱਡਾ ਨੇ ਕਿਹਾ,‘‘ਉਸ ’ਤੇ ਵਾਡਾ ਨੇ ਡੇਢ ਸਾਲ ਦੀ ਪਾਬੰਦੀ ਲਗਾਈ ਹੈ ਜਿਹੜੀ ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਤੇ ਨਵੰਬਰ 2025 ਤਕ ਚੱਲੇਗੀ।’’
ਰਜਿਸਟ੍ਰਡ ਟੈਸਟਿੰਗ ਪੂਲ (ਆਰ. ਟੀ. ਪੀ.) ਵਿਚ ਸ਼ਾਮਲ ਖਿਡਾਰੀਆਂ ਨੂੰ ਰਾਤ ਰੁਕਣ ’ਤੇ ਆਪਣਾ ਪੂਰਾ ਪਤਾ, ਨਾਂ ਤੇ ਹਰ ਟਿਕਾਣੇ ਦਾ ਪਤਾ ਦੱਸਣਾ ਪੈਂਦਾ ਹੈ, ਜਿੱਥੇ ਉਹ ਅਭਿਆਸ ਕਰਦੇ ਹਨ, ਕੰਮ ਕਰਦੇ ਹਨ ਜਾਂ ਹੋਰ ਨਿਯਮਤ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 60 ਮਿੰਟ ਦੀ ਵਿੰਡੋ ਤੇ ਸਥਾਨ ਦੀ ਜਾਣਕਾਰੀ ਦੇਣੀ ਪੈਂਦੀ ਹੈ, ਜਿੱਥੇ ਉਹ ਟੈਸਟ ਲਈ ਉਪਲੱਬਧ ਹੋਣਗੇ। ਅਜਿਹਾ ਨਾ ਕਰਨ ’ਤੇ ਵਾਡਾ ਨੂੰ ਟਿਕਾਣੇ ਦੇ ਨਿਯਮ ਦੀ ਉਲੰਘਣਾ ਮੰਨਿਆ ਜਾਂਦਾ ਹੈ।
12 ਮਹੀਨਿਆਂ ਵਿਚ 3 ਵਾਰ ਅਜਿਹਾ ਕਰਨ ਵਿਚ ਅਸਫਲ ਰਹਿਣ ਨੂੰ ਡੋਪਿੰਗ ਨਿਯਮ ਦੀ ਉਲੰਘਣਾ ਮੰਨਿਆ ਜਾਂਦਾ ਹੈ ਤੇ ਦੋ ਸਾਲ ਤਕ ਦੀ ਮੁਅੱਤਲੀ ਹੋ ਸਕਦੀ ਹੈ, ਜਿਸ ਨੂੰ ਘਟਾ ਕੇ ਇਕ ਸਾਲ ਤਕ ਕੀਤਾ ਜਾ ਸਕਦਾਂ ਹੈ।
ਪਰਵੀਨ ਦੇ ਵਕੀਲ ਵਿਦੁਸ਼ਪਤ ਸਿੰਘਾਨੀਆ ਨੇ ਕਿਹਾ ਕਿ ਉਹ ਕੌਮਾਂਤਰੀ ਟੈਸਟ ਏਜੰਸੀ ਦੇ ਸੰਪਰਕ ਵਿਚ ਹੈ ਤੇ ਮੁਅੱਤਲੀ ਹਟਵਾਉਣ ਜਾਂ ਘੱਟ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁਅੱਤਲੀ ਦੀ ਮਿਆਦ ਘੱਟ ਹੋਣ ’ਤੇ ਵੀ ਪਰਵੀਨ ਇਸ ਸਾਲ ਜੁਲਾਈ-ਅਗਸਤ ਵਿਚ ਪੈਰਿਸ ਓਲੰਪਿਕ ਨਹੀਂ ਖੇਡ ਸਕਦੀ।
ਭਾਰਤ ਲਈ ਸਿਰਫ 4 ਮੁੱਕੇਬਾਜ਼ਾਂ ਨਿਕਹਤ ਜ਼ਰੀਨ (50 ਕਿਲੋ), ਪ੍ਰੀਤੀ (54 ਕਿਲੋ), ਪਰਵੀਨ (57 ਕਿਲੋ) ਤੇ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਕੋਟਾ ਹਾਸਲ ਕੀਤਾ ਹੈ। ਆਖਰੀ ਓਲੰਪਿਕ ਕੁਆਲੀਫਾਇਰ 24 ਮਈ ਤੋਂ ਬੈਂਕਾਕ ਵਿਚ ਹਨ।