ਭਾਰਤੀ ਮਹਿਲਾ ਹਾਕੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਜਰਮਨੀ ਤੋਂ 0-2 ਨਾਲ ਹਾਰੀ

Thursday, Jul 20, 2023 - 01:55 PM (IST)

ਭਾਰਤੀ ਮਹਿਲਾ ਹਾਕੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਜਰਮਨੀ ਤੋਂ 0-2 ਨਾਲ ਹਾਰੀ

ਰਸੇਲਸ਼ੇਮ (ਭਾਸ਼ਾ)- ਭਾਰਤੀ ਮਹਿਲਾ ਹਾਕੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਉਸ ਨੂੰ ਜਰਮਨੀ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਕਿ ਮੌਜੂਦਾ ਦੌਰੇ ਵਿੱਚ ਉਸਦੀ ਲਗਾਤਾਰ ਤੀਜੀ ਹਾਰ ਹੈ। ਭਾਰਤੀ ਟੀਮ ਦੇ ਜਰਮਨੀ ਦੌਰੇ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਮੇਜ਼ਬਾਨ ਟੀਮ ਵੱਲੋਂ ਸੇਨਾਈਕ ਲੋਰੇਂਜ (52ਵੇਂ ਮਿੰਟ) ਅਤੇ ਸ਼ਾਰਲੋਟ ਸਟੈਪਨਹੋਰਸਟ (54ਵੇਂ ਮਿੰਟ) ਨੇ ਗੋਲ ਕੀਤੇ। ਭਾਰਤੀ ਟੀਮ ਆਪਣੇ ਪਿਛਲੇ 2 ਮੈਚਾਂ ਵਿੱਚ ਚੀਨ (2-3) ਅਤੇ ਜਰਮਨੀ (1-4) ਤੋਂ ਹਾਰ ਗਈ ਸੀ।

ਭਾਰਤੀ ਟੀਮ ਦਾ ਜਰਮਨੀ ਦਾ ਇਹ ਦੌਰਾ ਆਉਣ ਵਾਲੀਆਂ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਸੀ। ਦੌਰੇ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਭਾਰਤੀ ਟੀਮ ਤੀਜੇ ਕੁਆਰਟਰ ਤੱਕ ਜਰਮਨੀ ਨੂੰ ਗੋਲ ਰਹਿਤ ਡਰਾਅ ’ਤੇ ਰੱਖਣ ਵਿੱਚ ਕਾਮਯਾਬ ਰਹੀ ਸੀ। ਚੌਥੇ ਕੁਆਰਟਰ ਵਿੱਚ ਹਾਲਾਂਕਿ ਸਖ਼ਤ ਮੁਕਾਬਲਾ ਵੇਖਣ ਨੂੰ ਮਿਲਿਆ, ਜਿਸ ਵਿਚ ਜਰਮਨੀ ਨੇ ਹਮਲਾਵਰ ਰਵੱਈਆ ਅਪਣਾਇਆ। ਭਾਰਤ ਨੂੰ ਇਸ ਦੇ ਪਿਛਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ ਸਨ ਪਰ ਉਹ ਉਨ੍ਹਾਂ ਨੂੰ ਗੋਲ ਵਿਚ ਬਦਲਣ ਵਿੱਚ ਨਾਕਾਮ ਰਿਹਾ।

ਲੋਰੇਂਜ ਨੇ ਜਰਮਨੀ ਦੇ ਤੀਜੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਲੋਰੇਂਜ ਨੇ ਮੰਗਲਵਾਰ ਨੂੰ ਭਾਰਤ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਦੋ ਗੋਲ ਕੀਤੇ ਸਨ। ਇਸ ਤੋਂ ਬਾਅਦ ਸਟੀਪਨਹੋਰਸਟ ਨੇ ਮੈਦਾਨੀ ਗੋਲ ਕਰਕੇ ਜਰਮਨੀ ਦੀ ਜਿੱਤ ਯਕੀਨੀ ਬਣਾਈ। ਭਾਰਤੀ ਮਹਿਲਾ ਹਾਕੀ ਟੀਮ ਨੇ ਹੁਣ ਸਪੇਨ ਦਾ ਦੌਰਾ ਕਰਨਾ ਹੈ, ਜਿੱਥੇ ਉਹ ਸਪੈਨਿਸ਼ ਹਾਕੀ ਫੈਡਰੇਸ਼ਨ ਦੇ 100 ਸਾਲ ਪੂਰੇ ਹੋਣ 'ਤੇ ਆਯੋਜਿਤ ਟੂਰਨਾਮੈਂਟ 'ਚ ਹਿੱਸਾ ਲਵੇਗੀ।
 


author

cherry

Content Editor

Related News