ਵਲਰਡ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ''ਚ ਭਾਰਤ ਚੋਟੀ ''ਤੇ

09/11/2019 10:50:17 AM

ਸਪੋਰਸਟ ਡੈਸਕ- ਭਾਰਤੀ ਕ੍ਰਿਕਟ ਟੀਮ ਆਪਣੇ ਮੌਜੂਦਾ ਪ੍ਰਦਰਸ਼ਨ ਦੀ ਬਦੌਲਤ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ 'ਚ ਸਭ ਤੋਂ ਵੱਧ 120 ਅੰਕ ਲੈ ਕੇ ਟਾਪ 'ਤੇ ਹੈ। ਭਾਰਤ ਨੇ ਅਜੇ ਤੱਕ ਵੈਸਟਇੰਡੀਜ਼ 'ਚ ਆਪਣੇ ਦੋਵੇਂ ਟੈਸਟ ਜਿੱਤੇ ਹਨ ਅਤੇ ਉਸ ਦੇ ਸਭ ਤੋਂ ਵੱਧ ਅੰਕ ਹਨ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਵੱਲੋਂ ਪਹਿਲੀ ਵਾਰ ਕਰਵਾਈ ਜਾ ਰਹੀ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਮੌਜੂਦਾ ਸੀਰੀਜ਼ ਇਸ ਚੈਂਪੀਅਨਸ਼ਿਪ ਦਾ ਹਿੱਸਾ ਹੈ। ਨਿਊਜ਼ੀਲੈਂਡ ਤੇ ਸ਼੍ਰੀਲੰਕਾ ਨੇ ਇਕ-ਇਕ ਟੈਸਟ ਜਿੱਤਿਆ ਹੈ ਤੇ ਦੋਵੇਂ 60-60 ਅੰਕ ਲੈ ਕੇ ਦੂਜੇ ਤੇ ਤੀਜੇ ਨੰਬਰ 'ਤੇ ਹਨ। ਆਸਟਰੇਲੀਆ ਨੇ ਹੁਣ ਤੱਕ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਟੈਸਟ ਜਿੱਤੇ ਹਨ ਤੇ ਇਕ ਡਰਾਅ ਖੇਡਿਆ ਤੇ 56 ਅੰਕ ਲੈ ਕੇ ਉਹ ਚੌਥੇ ਨੰਬਰ 'ਤੇ ਹੈ ਜਦਕਿ ਇੰਗਲੈਂਡ ਪੰਜਵੇਂ ਨੰਬਰ 'ਤੇ ਹੈ। ਦੋਵੇਂ ਟੀਮਾਂ ਦੇ 32-32 ਅੰਕ ਹਨ।

ਹਾਲ ਹੀ 'ਚ ਅਫਗਾਨਿਸਤਾਨ ਦੀ ਟੀਮ ਨੇ ਇਕਲੌਤੇ ਟੈਸਟ ਮੁਕਾਬਲੇ 'ਚ ਬੰਗਲਾਦੇਸ਼ ਨੂੰ ਉਸੇ ਦੇ ਘਰੇਲੂ ਮੈਦਾਨ ਚਟਗਾਂਵ 'ਚ ਹਰਾਇਆ ਹੈ। ਹਾਲਾਂਕਿ 224 ਦੌੜਾਂ ਦੀ ਜਿੱਤ ਦੇ ਬਾਵਜੂਦ ਰਾਸ਼ਿਦ ਖਾਨ ਦੀ ਅਗਵਾਈ ਵਾਲੀ ਅਫਗਾਨ ਟੀਮ ਨੂੰ ਇਸ ਦਾ ਫਾਇਦਾ ਨਹੀਂ ਮਿਲ ਸਕਿਆ ਹੈ ਕਿਉਂਕਿ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਪੜਾਅ 'ਚ 31 ਮਾਰਚ 2018 ਤੱਕ ਦੀਆਂ ਟਾਪ ਦੀਆਂ 9 ਟੀਮਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਅਫਗਾਨਿਸਤਾਨ, ਜ਼ਿੰਬਾਬਵੇ ਤੇ ਆਇਰਲੈਂਡ ਬਾਹਰ ਹੋ ਗਏ ਹਨ।

ਉਥੇ ਹੀ ਅਫਗਾਨਿਸਤਾਨ ਤੇ ਬੰਗਲਾਦੇਸ਼ ਵਿਚਾਲੇ ਹੋਈ ਸੀਰੀਜ਼ ਵਿਚ ਇਕਲੌਤਾ ਟੈਸਟ ਹੀ ਖੇਡਿਆ ਗਿਆ ਸੀ ਜਦਕਿ ਨਿਯਮ ਅਨੁਸਾਰ ਚੈਂਪੀਅਨਸ਼ਿਪ ਵਿਚ ਘੱਟ ਤੋਂ ਘੱਟ ਦੋ ਟੈਸਟ ਹੋਣੇ ਜ਼ਰੂਰੀ ਹਨ। ਇਸ ਮੈਚ ਵਿਚ ਹਾਰ ਜਾਣ ਦੇ ਬਾਵਜੂਦ ਬੰਗਲਾਦੇਸ਼ ਦੀ ਟੀਮ ਅੰਕ ਸੂਚੀ ਵਿਚ ਸੱਤਵੇਂ ਨੰਬਰ 'ਤੇ ਹੈ। ਛੇਵੇਂ ਨੰਬਰ ਦੀ ਵੈਸਟਇੰਡੀਜ਼, ਸੱਤਵੇਂ ਨੰਬਰ ਦੀ ਬੰਗਲਾਦੇਸ਼, ਅੱਠਵੇਂ ਨੰਬਰ ਦੀ ਪਾਕਿਸਤਾਨ ਤੇ ਨੌਵੇਂ ਨੰਬਰ ਦੀ ਦੱਖਣੀ ਅਫਰੀਕਾ ਨੇ ਫਿਲਹਾਲ ਟੈਸਟ ਚੈਂਪੀਅਨਸ਼ਿਪ ਵਿਚ ਅੰਕਾਂ ਦੇ ਲਿਹਾਜ਼ ਨਾਲ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ।


Related News