ਭਾਰਤ ਨੂੰ ਅਰਸ਼ਦੀਪ ਤੇ ਪਾਕਿ ਨੂੰ ਨਸੀਮ ਤੋਂ ਉਮੀਦਾਂ, ਇਕ ਝਾਤ ਹੁਨਰਬਾਜ਼ਾਂ ਦੇ ਹੁਣ ਤਕ ਦੇ ਪ੍ਰਦਰਸ਼ਨ 'ਤੇ
Saturday, Oct 22, 2022 - 03:15 PM (IST)
ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਦੌਰ ਦੇ ਮੈਚ ਅੱਜ ਭਾਵ ਸ਼ਨੀਵਾਰ ਤੋਂ ਖੇਡੇ ਜਾ ਰਹੇ ਹਨ। ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਦੌਰ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਦਾ ਸਾਹਮਣਾ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਐਤਵਾਰ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਅੱਜ ਅਸੀਂ ਭਾਰਤ ਦੇ ਉੱਭਰਦੇ ਹੋਏ ਧਾਕੜ ਅਰਸ਼ਦੀਪ ਸਿੰਘ ਤੇ ਪਾਕਿਸਤਾਨ ਦੇ ਨਸੀਮ ਸ਼ਾਹ ਬਾਰੇ ਦਸਣ ਜਾ ਰਹੇ ਹਨ ਜੋ ਕਿ ਆਪਣੀ ਸ਼ਾਨਦਾਰ ਖੇਡ ਨਾਲ ਟੀ20ਵਿਸ਼ਵ ਕੱਪ 2022 'ਚ ਮੈਚਾਂ ਦਾ ਰੁੱਖ ਬਦਲ ਸਕਦੇ ਹਨ।
ਇਹ ਵੀ ਪੜ੍ਹੋ : ਹਾਰਦਿਕ 5ਵਾਂ ਗੇਂਦਬਾਜ਼ ਬਣਦੈ ਤਾਂ ਪੰਤ ਅਤੇ ਕਾਰਤਿਕ ਦੋਵੇਂ ਖੇਡ ਸਕਦੇ ਹਨ: ਗਾਵਸਕਰ
ਅਰਸ਼ਦੀਪ ਸਿੰਘ (ਭਾਰਤ)
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸਾਲ 2018 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਦਾ ਹਿੱਸਾ ਰਹੇ ਹਨ। ਇਸ ਖਿਡਾਰੀ ਨੇ IPL 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਇੰਡੀਆ 'ਚ ਆਪਣੀ ਜਗ੍ਹਾ ਬਣਾਈ ਹੈ। ਇਸ ਦੇ ਨਾਲ ਹੀ ਇਸ ਖਿਡਾਰੀ ਦਾ ਪ੍ਰਦਰਸ਼ਨ ਭਾਰਤੀ ਟੀਮ ਲਈ ਵੀ ਸ਼ਾਨਦਾਰ ਰਿਹਾ ਹੈ। ਜੇਕਰ ਅਰਸ਼ਦੀਪ ਸਿੰਘ ਦੇ ਟੀ-20 ਕਰੀਅਰ 'ਤੇ ਝਾਤ ਪਾਈਏ ਤਾਂ ਇਹ ਖਿਡਾਰੀ ਹੁਣ ਤੱਕ 13 ਕੌਮਾਂਤਰੀ ਮੈਚ ਖੇਡ ਚੁੱਕਾ ਹੈ। ਅਰਸ਼ਦੀਪ ਸਿੰਘ ਦੇ ਨਾਂ 13 ਮੈਚਾਂ ਵਿੱਚ 19 ਵਿਕਟਾਂ ਹਨ। ਜਦਕਿ ਅਰਸ਼ਦੀਪ ਸਿੰਘ ਦਾ ਗੇਂਦਬਾਜ਼ੀ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ 12 ਦੌੜਾਂ ਦੇ ਕੇ 3 ਵਿਕਟਾਂ ਹਨ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਦੀ ਔਸਤ 8.14 ਰਹੀ ਹੈ।
ਨਸੀਮ ਸ਼ਾਹ (ਪਾਕਿਸਤਾਨ)
ਏਸ਼ੀਆ ਕੱਪ 2022 'ਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਆਪਣੀ ਸਪੀਡ ਨਾਲ ਕਾਫੀ ਪ੍ਰਭਾਵਿਤ ਕੀਤਾ। ਨਸੀਮ ਸ਼ਾਹ ਦੇ ਕਰੀਅਰ ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ ਹੁਣ ਤੱਕ 9 ਟੀ-20 ਮੈਚਾਂ 'ਚ 11 ਵਿਕਟਾਂ ਲਈਆਂ ਹਨ। ਇਸ ਫਾਰਮੈਟ ਵਿੱਚ ਨਸੀਮ ਸ਼ਾਹ ਦੀ ਸਭ ਤੋਂ ਵਧੀਆ ਗੇਂਦਬਾਜ਼ੀ 7 ਦੌੜਾਂ ਦੇ ਕੇ 2 ਵਿਕਟਾਂ ਹਨ। ਜਦਕਿ ਐਵਰੇਜ਼ 7.89 ਰਹੀ ਹੈ। ਹੁਣ ਵਿਸ਼ਵ ਕੱਪ 'ਚ ਪਾਕਿਸਤਾਨੀ ਟੀਮ ਨੂੰ ਇਸ 19 ਸਾਲਾ ਨੌਜਵਾਨ ਤੇਜ਼ ਗੇਂਦਬਾਜ਼ ਤੋਂ ਵੱਡੀਆਂ ਉਮੀਦਾਂ ਹੋਣਗੀਆਂ। ਸ਼ਾਹੀਨ ਅਫਰੀਦੀ ਅਤੇ ਨਸੀਮ ਸ਼ਾਹ ਵਿਰੋਧੀ ਟੀਮਾਂ ਦੇ ਬੱਲੇਬਾਜ਼ਾਂ ਲਈ ਵੱਡੀ ਚੁਣੌਤੀ ਬਣ ਸਕਦੇ ਹਨ।
ਇਹ ਵੀ ਪੜ੍ਹੋ : ਵੱਡੇ ਮੰਚ ’ਤੇ ਪਾਕਿਸਤਾਨ ਨਾਲ ਟੱਕਰ ਲੈਣਾ ਵਿਲੱਖਣ ਤਜਰਬਾ : ਪੰਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।