ਪੈਰਿਸ ਪੈਰਾਲੰਪਿਕ 'ਚ ਭਾਰਤ ਨੂੰ ਮਿਲਿਆ ਪੰਜਵਾਂ ਮੈਡਲ, ਸ਼ੂਟਰ ਰੁਬੀਨਾ ਫਰਾਂਸਿਸ ਨੇ ਜਿੱਤਿਆ ਕਾਂਸੀ ਤਗਮਾ
Saturday, Aug 31, 2024 - 08:29 PM (IST)
ਸਪੋਰਟਸ ਡੈਸਕ- ਪੈਰਿਸ ਪੈਰਾਲੰਪਿਕ 2024 ਦੇ ਤੀਜੇ ਦਿਨ ਯਾਨੀ 31 ਅਗਸਤ (ਸ਼ਨੀਵਾਰ) ਨੂੰ ਵੀ ਭਾਰਤੀ ਐਥਲੀਟ ਐਕਸ਼ਨ 'ਚ ਹਨ। ਮਹਿਲਾ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਮਹਿਲਾ 10 ਮੀਟਰ ਏਅਰ ਪਿਸਟਰ (SH1) 'ਚ ਕਾਂਸੀ ਦਾ ਦਗਮਾ ਜਿੱਤਿਆ। ਰੁਬੀਨਾ ਫਰਾਂਸਿਸ ਨੇ ਫਾਈਨਲ ਮੈਚ ਵਿਚ 211.1 ਅੰਕ ਬਣਾਏ। ਪੈਰਿਸ ਪੈਰਾਲੰਪਿਕ 2024 ਵਿਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ ਪੰਜ ਹੋ ਗਈ ਹੈ। ਭਾਰਤ ਨੇ ਹੁਣ ਤਕ ਇਕ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ।
ਇਸ ਈਵੈਂਟ 'ਚ ਈਰਾਨ ਦੀ ਜਵਾਨਮਾਰਦੀ ਸਰੇਹ ਨੇ ਸੋਨ ਅਤੇ ਤੁਰਕੀ ਦੇ ਓਜ਼ਗਨ ਆਇਸੇਲ ਨੇ ਚਾਂਦੀ ਦਾ ਤਗਮਾ ਜਿੱਤਿਆ। ਜਵਨਮਾਰਦੀ ਸਰਾਹ ਨੇ 236.8 ਅੰਕ ਹਾਸਲ ਕੀਤੇ। ਜਦੋਂ ਕਿ ਓਜ਼ਗਨ ਆਇਸੇਲ ਨੇ 231.1 ਅੰਕ ਹਾਸਲ ਕੀਤੇ। ਰੁਬੀਨਾ ਇਕ ਸਮੇਂ ਦੂਜੇ ਸਥਾਨ 'ਤੇ ਚੱਲ ਰਹੀ ਸੀ ਪਰ ਬਾਅਦ ਵਿਚ ਉਹ ਪਿੱਛੇ ਰਹਿ ਗਈ। ਸ਼ੂਟਿੰਗ ਵਿੱਚ, SH1 ਸ਼੍ਰੇਣੀ ਵਿੱਚ ਉਹ ਨਿਸ਼ਾਨੇਬਾਜ਼ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀਆਂ ਬਾਹਾਂ, ਹੇਠਲੇ ਧੜ, ਲੱਤਾਂ ਦੀ ਗਤੀ ਪ੍ਰਭਾਵਿਤ ਹੁੰਦੀ ਹੈ ਜਾਂ ਉਨ੍ਹਾਂ ਦੇ ਹੱਥਾਂ ਜਾਂ ਲੱਤਾਂ ਵਿੱਚ ਵਿਗਾੜ ਹੈ।
ਕੌਣ ਹੈ ਰੁਬੀਨਾ ਫਰਾਂਸਿਸ
ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਰਹਿਣ ਵਾਲੀ ਪੈਰਾ ਪਿਸਟਲ ਨਿਸ਼ਾਨੇਬਾਜ਼ ਰੁਬੀਨਾ ਨੇ ਵਿਸ਼ਵ ਸ਼ੂਟਿੰਗ ਪੈਰਾ ਸਪੋਰਟਸ ਵਿਸ਼ਵ ਕੱਪ-2023 ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਰੁਬੀਨਾ ਨੇ 2017 'ਚ ਬੈਂਕਾਕ 'ਚ ਹੋਈ ਵਿਸ਼ਵ ਨਿਸ਼ਾਨੇਬਾਜ਼ੀ ਪੈਰਾ ਸਪੋਰਟਸ ਚੈਂਪੀਅਨਸ਼ਿਪ 'ਚ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ 'ਚ ਸੋਨ ਤਮਗਾ ਜਿੱਤ ਕੇ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ ਸੀ। ਉਸ ਨੇ ਮਕਰੋਸ਼ੀਆ ਵਿੱਚ 2019 ਵਿਸ਼ਵ ਪੈਰਾ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ।
25 ਸਾਲਾ ਰੁਬੀਨਾ ਨੂੰ ਰਿਕੇਟ ਹੈ ਅਤੇ ਉਹ 40 ਫੀਸਦੀ ਲੱਤਾਂ ਤੋਂ ਅਪਾਹਜ ਹੈ। ਰਿਕਟਸ ਇੱਕ ਅਜਿਹੀ ਸਥਿਤੀ ਹੈ ਜੋ ਬੱਚਿਆਂ ਵਿੱਚ ਹੱਡੀਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਨਾਲ ਹੱਡੀਆਂ ਵਿੱਚ ਦਰਦ ਅਤੇ ਕਮਜ਼ੋਰੀ ਹੁੰਦੀ ਹੈ। ਇਸ ਨਾਲ ਹੱਡੀਆਂ ਵਿੱਚ ਵਿਗਾੜ ਆ ਸਕਦਾ ਹੈ। ਰੁਬੀਨਾ ਮੱਧ ਪ੍ਰਦੇਸ਼ ਸ਼ੂਟਿੰਗ ਅਕੈਡਮੀ ਵਿੱਚ ਪਿਸਟਲ ਸ਼ੂਟਿੰਗ ਦੀ ਸਿਖਲਾਈ ਲੈਂਦੀ ਹੈ।