ਖਵਾਜਾ ਅਤੇ ਗ੍ਰੀਨ ਨੇ ਆਸਟਰੇਲੀਆ ਨੂੰ 480 ਦੌੜਾਂ ਤੱਕ ਪਹੁੰਚਾਇਆ, ਭਾਰਤ ਨੇ ਬਿਨਾਂ ਵਿਕਟ ਗੁਆਏ ਬਣਾਈਆਂ 36 ਦੌੜਾਂ
Friday, Mar 10, 2023 - 05:25 PM (IST)
ਅਹਿਮਦਾਬਾਦ (ਭਾਸ਼ਾ)–ਉਸਮਾਨ ਖਵਾਜ਼ਾ ਦੋਹਰੇ ਸੈਂਕੜੇ ਤੋਂ ਖੁੰਝ ਗਿਆ ਪਰ ਪਹਿਲਾ ਕੌਮਾਂਤਰੀ ਸੈਂਕੜਾ ਲਾਉਣ ਵਾਲੇ ਕੈਮਰਨ ਗ੍ਰੀਨ ਦੇ ਨਾਲ ਉਸਦੀ 208 ਦੌੜਾਂ ਦੀ ਸਾਂਝੇਦਾਰੀ ਨਾਲ ਆਸਟਰੇਲੀਆ ਨੇ ਭਾਰਤ ਵਿਰੁੱਧ ਚੌਥੇ ਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ’ਚ 480 ਦੌੜਾਂ ਬਣਾ ਲਈਆਂ। ਭਾਰਤ ਨੇ ਇਸ ਤੋਂ ਬਾਅਦ ਚੌਕਸੀ ਭਰੀ ਸ਼ੁਰੂਆਤ ਕਰਦੇ ਹੋਏ 10 ਓਵਰਾਂ ਵਿਚ ਬਿਨਾਂ ਵਿਕਟ ਗੁਆਏ 36 ਦੌੜਾਂ ਬਣਾਈਆਂ। ਦਿਨ ਦੇ ਖੇਡ ਖਤਮ ਹੋਣ ’ਤੇ ਸ਼ੁਭਮਨ ਗਿੱਲ 18 ਦੌੜਾਂ ਜਦਕਿ ਕਪਤਾਨ ਰੋਹਿਤ ਸ਼ਰਮਾ 17 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤੀ ਟੀਮ ਆਸਟਰੇਲੀਆ ਦੀਆਂ ਪਹਿਲੀ ਪਾਰੀ ਦੀਆਂ 480 ਦੌੜਾਂ ਤੋਂ ਅਜੇ ਵੀ 444 ਦੌੜਾਂ ਪਿੱਛੇ ਹੈ ਜਦਕਿ ਉਸਦੀਆਂ ਸਾਰੀਆਂ ਵਿਕਟਾਂ ਬਾਕੀ ਹਨ। ਮੈਚ ਵਿਚ ਭਾਰਤ ਦੀਆਂ ਸੰਭਾਵਨਾਵਾਂ ਦੇ ਲਿਹਾਜ ਨਾਲ ਕੱਲ ਤੀਜਾ ਦਿਨ ਕਾਫੀ ਮਹੱਤਵਪੂਰਨ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਖਵਾਜ਼ਾ ਨੇ 422 ਗੇਂਦਾਂ ’ਚ 21 ਚੌਕਿਆਂ ਦੀ ਮਦਦ ਨਾਲ 180 ਦੌੜਾਂ ਦੀ ਪਾਰੀ ਖੇਡੀ। ਉਸ ਨੇ ਉਂਗਲੀ ਦੀ ਸਰਜਰੀ ਕਾਰਨ ਪਹਿਲੇ ਦੋ ਟੈਸਟਾਂ ’ਚ ਨਾ ਖੇਡਣ ਵਾਲੇ ਗ੍ਰੀਨ ਦੇ ਨਾਲ 5ਵੀਂ ਵਿਕਟ ਲਈ 208 ਦੌੜਾਂ ਜੋੜੀਆਂ, ਜਿਸ ਨੇ 170 ਗੇਂਦਾਂ ’ਚ 18 ਚੌਕਿਆਂ ਨਾਲ 144 ਦੌੜਾਂ ਬਣਾਈਆਂ।
ਟਾਡ ਮਰਫੀ (41) ਤੇ ਨਾਥਨ ਲਿਓਨ (34) ਨੇ 9ਵੀਂ ਵਿਕਟ ਲਈ 70 ਦੌੜਾਂ ਜੋੜ ਕੇੇ ਭਾਰਤ ਦੀ ਮੁਸੀਬਤ ਵਧਾਈ। ਮਰਫੀ ਦਾ ਪਹਿਲੀ ਸ਼੍ਰੇਣੀ ਕ੍ਰਿਕਟ ’ਚ ਇਹ ਬੈਸਟ ਸਕੋਰ ਹੈ। ਭਾਰਤ ਵਲੋਂ ਆਫ ਸਪਿਨਰ ਆਰ. ਅਸ਼ਵਿਨ (91 ਦੌੜਾਂ ’ਤੇ 6 ਵਿਕਟਾਂ) ਨੇ ਕਰੀਅਰ ’ਚ 32ਵੀਂ ਵਾਰ ਪਾਰੀ ’ਚ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਮੁਹੰਮਦ ਸ਼ੰਮੀ ਨੇ 134 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਮੇਸ਼ ਯਾਦਵ ਨੇ ਨਿਰਾਸ਼ ਕੀਤਾ। ਉਸ ਨੇ 25 ਓਵਰਾਂ ’ਚ 105 ਦੌੜਾਂ ਖਰਚ ਕੀਤੀਆਂ ਪਰ ਉਸ ਨੂੰ ਕੋੋਈ ਵਿਕਟ ਨਹੀਂ ਮਿਲੀ। ਰਵਿੰਦਰ ਜਡੇਜਾ (89 ਦੌੜਾਂ ’ਤੇ 1 ਵਿਕਟ) ਤੇ ਅਕਸ਼ਰ ਪਟੇਲ (47 ਦੌੜਾਂ ’ਤੇ 1 ਵਿਕਟ) ਨੇ ਇਕ-ਇਕ ਵਿਕਟ ਲਈ। ਭਾਰਤੀ ਗੇਂਦਬਾਜ਼ਾਂ ਦੇ ਦਿਨ ਦੇ ਪਹਿਲੇ ਸੈਸ਼ਨ ’ਚ ਵਿਕਟ ਲੈਣ ’ਚ ਅਸਫਲ ਰਹਿਣ ਤੋਂ ਬਾਅਦ ਅਸ਼ਵਿਨ ਨੇ ਦੂਜੇ ਸੈਸ਼ਨ ’ਚ 3 ਤੇ ਤੀਜੇ ਸੈਸ਼ਨ ’ਚ 2 ਵਿਕਟਾਂ ਲੈ ਕੇ ਆਸਟਰੇਲੀਆ ਦੀ ਪਾਰੀ ਨੂੰ ਸਮੇਟਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਦੂਜੇ ਸੈਸ਼ਨ ’ਚ ਆਸਟਰੇਲੀਆ ਦੀ ਟੀਮ 62 ਦੌੜਾਂ ਹੀ ਬਣਾ ਸਕੀ ਤੇ ਉਸ ਨੇ ਇਸ ਵਿਚਾਲੇ 3 ਵਿਕਟਾਂ ਗੁਆਈਆਂ।
ਗ੍ਰੀਨ ਨੇ ਜਡੇਜਾ ਦੀ ਗੇਂਦ ਨੂੰ ਕਵਰ ਪੁਆਇੰਟ ਤੋਂ 4 ਦੌੜਾਂ ਲਈ ਭੇਜ ਕੇ 143 ਗੇਂਦਾਂ ’ਚ ਕਰੀਅਰ ਦਾ ਪਹਿਲਾ ਕੌਮਾਂਤਰੀ ਸੈਂਕੜਾ ਪੂਰਾ ਕੀਤਾ। ਗ੍ਰੀਨ ਹਾਲਾਂਕਿ ਸੈਂਕੜਾ ਪੂਰਾ ਕਰਨ ਤੋਂ ਬਾਅਦ ਅਸ਼ਵਿਨ ਦੀ ਲੈੱਗ ਸਾਈਡ ਤੋਂ ਬਾਹਰ ਜਾਂਦੀ ਗੇਂਦ ਨੂੰ ਖੇਡਣ ਦੀ ਕੋਸ਼ਿਸ਼ ’ਚ ਵਿਕਟਕੀਪਰ ਸ਼੍ਰੀਕਰ ਭਰਤ ਨੂੰ ਕੈਚ ਦੇ ਬੈਠਾ। ਲਗਭਗ 60 ਓਵਰਾਂ ਤਕ ਪੈਡ ਬੰਨ੍ਹ ਕੇ ਆਪਣੀ ਪਾਰੀ ਦਾ ਇੰਤਜ਼ਾਰ ਕਰ ਰਿਹਾ ਐਲਕਸ ਕੈਰੀ (0) ਅਸ਼ਵਿਨ ਦੇ ਇਸੇ ਓਵਰ ’ਚ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ’ਚ ਅਕਸ਼ਰ ਪਟੇਲ ਨੂੰ ਕੈਚ ਦੇ ਬੈਠਾ। ਮਿਸ਼ੇਲ ਸਟਾਰਕ ਵੀ 6 ਦੌੜਾਂ ਬਣਾਉਣ ਤੋਂ ਬਾਅਦ ਅਸ਼ਵਿਨ ਦੀ ਗੇਂਦ ’ਤੇ ਸ਼੍ਰੇਅਸ ਅਈਅਰ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ। ਖਵਾਜ਼ਾ ਤੇ ਲਿਓਨ ਨੇ ਹਾਲਾਂਕਿ ਚਾਹ ਤਕ ਟੀਮ ਨੂੰ ਹੋਰ ਝਟਕਾ ਨਹੀਂ ਲੱਗਣ ਦਿੱਤਾ। ਚਾਹ ਤੋਂ ਬਾਅਦ ਪਹਿਲੀ ਹੀ ਗੇਂਦ ’ਤੇ ਅਕਸ਼ਰ ਨੇ ਖਵਾਜ਼ਾ ਨੂੰ ਐੱਲ. ਬੀ. ਡਬਲਯੂ. ਆਊਟ ਕਰਕੇ ਉਸਦਾ ਪਹਿਲਾ ਦੋਹਰਾ ਸੈਂਕੜਾ ਲਾਉਣ ਦਾ ਸੁਪਨਾ ਤੋੜ ਦਿੱਤਾ। ਖਵਾਜ਼ਾ ਦੀ ਇਹ ਪਾਰੀ ਆਸਟਰੇਲੀਆ ਦੇ ਕਿਸੇ ਬੱਲੇਬਾਜ਼ ਦੀ ਭਾਰਤ ’ਚ ਤੀਜੀ ਸਰਵਸ੍ਰੇਸ਼ਠ ਵਿਅਕਤੀਗਤ ਪਾਰੀ ਹੈ।
ਭਾਰਤੀ ਗੇਂਦਬਾਜ਼ਾਂ ਨੂੰ ਆਖਰੀ ਦੋ ਵਿਕਟਾਂ ਜਲਦੀ ਲੈਣ ਦੀ ਉਮੀਦ ਸੀ ਪਰ ਲਿਓਨ ਤੇ ਮਰਫੀ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ। ਦੋਵੇਂ 19 ਓਵਰਾਂ ਤੋਂ ਵੱਧ ਸਮੇਂ ਤਕ ਕ੍ਰੀਜ਼ ’ਤੇ ਡਟੇ ਰਹੇ। ਭਾਰਤ ਨੇ ਤੀਜੀ ਨਵੀਂ ਗੇਂਦ ਲਈ ਤਾਂ ਲਿਓਨ ਨੇ ਸ਼ੰਮੀ ਦੇ ਓਵਰ ’ਚ ਤਿੰਨ ਚੌਕੇ ਲਾਏ। ਅਸ਼ਿਵਨ ਨੇ ਅੰਤ ਮਰਫੀ ਨੂੰ ਐੱਲ. ਬੀ. ਡਬਲਯੂ. ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ ਤੇ ਪਾਰੀ ਦੀ ਆਪਣੀ 5ਵੀਂ ਵਿਕਟ ਹਾਸਲ ਕੀਤੀ। ਉਸਨੇ ਆਪਣੇ ਅਗਲੇ ਓਵਰ ’ਚ ਲਿਓਨ ਨੂੰ ਸਲਿਪ ’ਚ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਵਾ ਕੇ ਆਸਟਰੇਲੀਆ ਦੀ ਪਾਰੀ ਦਾ ਅੰਤ ਕੀਤਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਦਿਨ ਦੀ ਸ਼ੁਰੂਆਤ 4 ਵਿਕਟਾਂ ’ਤੇ 255 ਦੌੜਾਂ ਤੋਂ ਕੀਤੀ ਸੀ।