ਜਾਪਾਨ ਨੂੰ ਹਰਾ ਕੇ ਭਾਰਤ ਮਹਿਲਾ ਏਸ਼ੀਆਈ ਚੈਂਪੀਅਨਜ਼ ਹਾਕੀ ਟਰਾਫੀ ਦੇ ਫਾਈਨਲ ''ਚ ਪੁੱਜਾ

Wednesday, Nov 20, 2024 - 10:57 AM (IST)

ਜਾਪਾਨ ਨੂੰ ਹਰਾ ਕੇ ਭਾਰਤ ਮਹਿਲਾ ਏਸ਼ੀਆਈ ਚੈਂਪੀਅਨਜ਼ ਹਾਕੀ ਟਰਾਫੀ ਦੇ ਫਾਈਨਲ ''ਚ ਪੁੱਜਾ

ਰਾਜਗੀਰ, (ਭਾਸ਼ਾ)– ਪਹਿਲੇ ਤਿੰਨ ਕੁਆਰਟਰਾਂ ਵਿਚ ਦਰਜਨ ਭਰ ਤੋਂ ਵੱਧ ਪੈਨਲਟੀ ਕਾਰਨਰ ਗਵਾਉਣ ਤੋਂ ਬਾਅਦ ਭਾਰਤ ਨੇ ਆਖਰੀ ਕੁਆਰਟਰ ਵਿਚ ਦੋ ਗੋਲ ਕਰਕੇ ਜਾਪਾਨ ਨੂੰ 2-0 ਨਾਲ ਹਰਾ ਕੇ ਮੰਗਲਵਾਰ ਨੂੰ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਸਾਹਮਣਾ ਚੀਨ ਨਾਲ ਹੋਵੇਗਾ। ਪਹਿਲੇ ਤਿੰਨ ਕੁਆਰਟਰ ਗੋਲਰਹਿਤ ਰਹਿਣ ਤੋਂ ਬਾਅਦ 48ਵੇਂ ਮਿੰਟ ਵਿਚ ਨਵਨੀਤ ਕੌਰ ਨੇ ਪੈਨਲਟੀ ਸਟ੍ਰੋਕ ’ਤੇ ਭਾਰਤ ਦਾ ਖਾਤਾ ਖੋਲ੍ਹਿਆ ਜਦਕਿ 56ਵੇਂ ਮਿੰਟ ਵਿਚ ਲਾਲਰੇਮਸਿਆਮੀ ਨੇ ਸੁਨੇਲਿਤਾ ਟੋਪੋ ਦੇ ਬਿਹਤਰੀਨ ਪਾਸ ’ਤੇ ਦੂਜਾ ਗੋਲ ਕੀਤਾ। ਉੱਥੇ ਹੀ, ਦੂਜੇ ਸੈਮੀਫਾਈਨਲ ਵਿਚ ਪੈਰਿਸ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਚੀਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ।

ਆਖਰੀ ਗਰੁੱਪ ਮੈਚ ਵਿਚ ਜਾਪਾਨ ਨੂੰ 3-0 ਨਾਲ ਹਰਾਉਣ ਵਾਲੀ ਭਾਰਤੀ ਟੀਮ 48ਵੇਂ ਮਿੰਟ ਤੱਕ ਗੋਲ ਲਈ ਤਰਸਦੀ ਰਹੀ। ਭਾਰਤ ਨੇ ਪੂਰੇ ਮੈਚ ਵਿਚ 16 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਇਕ ’ਤੇ ਵੀ ਗੋਲ ਨਹੀਂ ਹੋ ਸਕਿਆ ਤੇ ਐਤਵਾਰ ਨੂੰ ਚੀਨ ਵਿਰੁੱਧ ਫਾਈਨਲ ਤੋਂ ਪਹਿਲਾਂ ਕੋਚ ਹਰਿੰਦਰ ਸਿੰਘ ਲਈ ਇਹ ਚਿੰਤਾ ਦਾ ਸਬੱਬ ਹੋਵੇਗਾ।ਚੌਥੇ ਕੁਆਰਟਰ ਦੇ ਦੂਜੇ ਮਿੰਟ ਵਿਚ ਦੀਪਿਕਾ ਨੂੰ ਜਾਪਾਨੀ ਡਿਫੈਂਡਰ ਵੱਲੋਂ ਅੜਿੱਕਾ ਪਹੁੰਚਾਏ ਜਾਣ ’ਤੇ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ, ਜਿਸ ਨੂੰ ਨਵਨੀਤ ਨੇ ਆਸਾਨੀ ਨਾਲ ਗੋਲ ਵਿਚ ਬਦਲਿਆ।

ਆਖਰੀ ਸੀਟੀ ਵੱਜਣ ਤੋਂ 5 ਮਿੰਟ ਪਹਿਲਾਂ ਸੁਨੇਲਿਤਾ ਤੋਂ ਸੱਜੇ ਫਲੈਂਕ ਤੋਂ ਮਿਲੇ ਸਟੀਕ ਪਾਸ ਨੂੰ ਗੋਲ ਵਿਚ ਬਦਲ ਕੇ ਲਾਲਰੇਮਸਿਆਮੀ ਨੇ ਬਿਹਾਰ ਖੇਡ ਕੰਪਲੈਕਸ ਸਟੇਡੀਅਮ ਵਿਚ ਭਾਰੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਵਿਚ ਉਤਸ਼ਾਹ ਦਾ ਸੰਚਾਰ ਕਰ ਦਿੱਤਾ। ਜਾਪਾਨ ਨੂੰ ਮੈਚ ਦਾ ਇਕਲੌਤਾ ਪੈਨਲਟੀ ਕਾਰਨਰ 59ਵੇਂ ਮਿੰਟ ਵਿਚ ਮਿਲਿਆ, ਜਿਸ ਨੂੰ ਭਾਰਤੀ ਗੋਲਕੀਪਰ ਬਿਛੂ ਦੇਵੀ ਨੇ ਗੋਲ ਵਿਚ ਨਹੀਂ ਬਦਲਣ ਦਿੱਤਾ। 


author

Tarsem Singh

Content Editor

Related News