ਭਾਰਤ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਨੂੰ 5-2 ਨਾਲ ਭੰਨਿਆ

Tuesday, Jan 29, 2019 - 09:45 PM (IST)

ਮਰਸੀਆ (ਸਪੇਨ)— ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਕਾਂਸੀ ਤਮਗਾ ਜੇਤੂ ਸਪੇਨ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਦੌਰੇ ਦਾ ਆਪਣਾ ਤੀਜਾ ਮੈਚ ਮੰਗਲਵਾਰ ਨੂੰ 5-2 ਨਾਲ ਜਿੱਤ ਲਿਆ। ਭਾਰਤੀ ਟੀਮ ਨੇ ਸਪੇਨ ਨਾਲ ਪਹਿਲਾ ਮੈਚ 2-3 ਨਾਲ ਗੁਆਇਆ ਸੀ ਜਦਕਿ ਦੂਜੇ ਮੈਚ ਵਿਚ 1-1 ਨਾਲ ਡਰਾਅ ਖੇਡਿਆ ਸੀ। ਤੀਜੇ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਦੀ ਜਿੱਤ ਵਿਚ ਲਾਲਰੇਮਸਿਆਮੀ ਨੇ 17ਵੇਂ ਤੇ 58ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਟੀਮ ਦੇ ਬਾਕੀ ਗੋਲ ਨੇਹਾ ਗੋਇਲ ਨੇ 21ਵੇਂ, ਨਵਨੀਤ ਕੌਰ ਨੇ 32ਵੇਂ ਤੇ ਰਾਣੀ ਨੇ 51ਵੇਂ ਮਿੰਟ ਵਿਚ ਕੀਤੇ। 
ਸਪੇਨ ਨੇ 7ਵੇਂ ਮਿੰਟ ਵਿਚ ਹੀ ਬੇਤ੍ਰਾ ਬੋਨਾਸਤ੍ਰੇ ਦੇ ਗੋਲ ਨਾਲ ਬੜ੍ਹਤ ਬਣਾ ਲਈ ਸੀ ਪਰ ਭਾਰਤ ਨੇ ਸ਼ਾਨਦਾਰ ਵਾਪਸੀ ਕਰਦਿਆਂ ਚਾਰ ਮਿੰਟ ਦੇ ਅੰਦਰ ਹੀ ਲਾਲਰੇਮਸਿਆਮੀ ਤੇ ਨੇ ਨੇਹਾ ਦੇ ਗੋਲਾਂ ਨਾਲ 2-1 ਦੀ ਬੜ੍ਹਥ ਬਣਾ ਲਈ। ਨਵਨੀਤ ਨੇ 32ਵੇਂ ਮਿੰਟ ਵਿਚ ਭਾਰਤ ਨੂੰ 3-1 ਨਾਲ ਅੱਗੇ ਕੀਤਾ ਜਦਕਿ ਬੇਨਾਸਤ੍ਰੇ ਨੇ 35ਵੇਂ ਮਿੰਟ ਵਿਚ ਆਪਣਾ ਦੂਜਾ ਗੋਲ ਕਰਦਿਆਂ ਸਕੋਰ 2-3 ਕਰ ਦਿੱਤਾ।
ਕਪਤਾਨ ਰਾਣੀ ਨੇ 51ਵੇਂ ਮਿੰਟ ਵਿਚ ਭਾਰਤ ਦਾ ਚੌਥਾ ਤੇ ਲਾਲਰੇਮਸਿਆਮੀ ਨੇ 58ਵੇਂ ਮਿੰਟ ਵਿਚ ਭਾਰਤ ਦਾ 5ਵਾਂ ਗੋਲ ਕੀਤਾ। ਇਸ ਜਿੱਤ ਦੀ ਬਦੌਲਤ ਭਾਰਤ ਨੇ ਲੜੀ ਵਿਚ 1-1 ਨਾਲ ਬਰਾਬਰੀ ਕਰ ਲਈ ਹੈ। ਭਾਰਤੀ ਟੀਮ ਆਪਣਾ ਚੌਥਾ ਮੈਚ 31 ਜਨਵਰੀ ਨੂੰ ਖੇਡੇਗੀ।


Related News