ਭਾਰਤ ਨੇ ਮਹਿਲਾ ਏਸੀਟੀ ਦੇ ਪਹਿਲੇ ਮੈਚ ਵਿਚ ਮਲੇਸ਼ੀਆ ਨੂੰ 4-0 ਨਾਲ ਹਰਾਇਆ
Tuesday, Nov 12, 2024 - 12:23 PM (IST)
ਰਾਜਗੀਰ (ਬਿਹਾਰ)– ਨੌਜਵਾਨ ਸਟ੍ਰਾਈਕਰ ਸੰਗੀਤਾ ਕੁਮਾਰੀ ਦੇ ਦੋ ਗੋਲਾਂ ਦੀ ਮਦਦ ਨਾਲ ਸਾਬਕਾ ਚੈਂਪੀਅਨ ਭਾਰਤ ਨੇ ਸੋਮਵਾਰ ਨੂੰ ਮਲੇਸ਼ੀਆ ਨੂੰ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ 4-0 ਨਾਲ ਹਰਾਇਆ। ਭਾਰਤ ਲਈ ਸੰਗੀਤਾ ਕੁਮਾਰੀ ਨੇ 8ਵੇਂ ਤੇ 55ਵੇਂ ਮਿੰਟ ਵਿਚ, ਪ੍ਰੀਤੀ ਦੂਬੇ ਨੇ 43ਵੇਂ ਤੇ ਓਦਿਤਾ ਨੇ 44ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੂੰ ਮੰਗਲਵਾਰ ਨੂੰ ਦੱਖਣੀ ਕੋਰੀਆ ਨਾਲ ਖੇਡਣਾ ਹੈ।
ਹੋਰਨਾਂ ਮੈਚਾਂ ਵਿਚ ਜਾਪਾਨ ਨੇ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਜਦਕਿ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਨੇ ਥਾਈਲੈਂਡ ਨੂੰ 15-0 ਨਾਲ ਹਰਾਇਆ।
ਪਹਿਲੇ ਕੁਆਰਟਰ ਵਿਚ ਪੂਰੀ ਤਰ੍ਹਾਂ ਨਾਲ ਭਾਰਤ ਦਾ ਦਬਦਬਾ ਰਿਹਾ ਹਾਲਾਂਕਿ ਪਹਿਲਾ ਪੈਨਲਟੀ ਕਾਰਨਰ 5ਵੇਂ ਮਿੰਟ ਵਿਚ ਮਲੇਸ਼ੀਆ ਨੂੰ ਮਿਲਿਆ ਪਰ ਉਸ ’ਤੇ ਗੋਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਭਾਰਤ ਨੇ ਮਲੇਸ਼ੀਆਈ ਡਿਫੈਂਸ ਨੂੰ ਢਹਿ-ਢੇਰੀ ਕਰਕੇ ਲਗਾਤਾਰ ਦਬਾਅ ਬਣਾਇਆ।
ਭਾਰਤ ਨੂੰ 8ਵੇਂ ਮਿੰਟ ਤੋਂ ਬਾਅਦ ਦੋ ਮਿੰਟਾਂ ਦੇ ਅੰਦਰ ਦੋ ਪੈਨਲਟੀ ਕਾਰਨਰ ਮਿਲੇ ਤੇ ਸੰਗੀਤਾ ਨੇ ਵੈਰੀਏਸ਼ਨ ’ਤੇ ਦੂਜੀ ਕੋਸ਼ਿਸ਼ ਵਿਚ ਗੋਲ ਕੀਤਾ। ਪ੍ਰੀਤੀ ਦੂਬੇ ਦੋ ਵਾਰ ਭਾਰਤ ਦੀ ਬੜ੍ਹਤ ਦੁੱਗਣੀ ਕਰਨ ਦੇ ਨੇੜੇ ਪਹੁੰਚੀ। ਪਹਿਲਾਂ ਨੇੜਿਓਂ ਉਸਦੀ ਸ਼ਾਟ ਨੂੰ ਮਲੇਸ਼ੀਆਈ ਗੋਲਕੀਪਰ ਨੇ ਬਚਾ ਲਿਆ ਤੇ ਕੇ ਫਿਰ ਪਹਿਲਾ ਕੁਆਰਟਰ ਖਤਮ ਹੋਣ ਤੋਂ ਇਕ ਮਿੰਟ ਪਹਿਲਾਂ ਉਸਦੀ ਸ਼ਾਟ ਸਾਈਡ ਪੋਸਟ ਨਾਲ ਟਕਰਾਅ ਗਈ।
ਭਾਰਤ ਨੂੰ ਦੂਜੇ ਕੁਆਰਟਰ ਵਿਚ ਮਿਲੇ ਚਾਰੇ ਪੈਨਲਟੀ ਕਾਰਨ ਬੇਕਾਰ ਗਏ। ਦੂਜੇ ਹਾਫ ਵਿਚ ਭਾਰਤ ਨੇ ਦੋ ਮਿੰਟ ਦੇ ਅੰਦਰ ਫਿਰ ਪੈਨਲਟੀ ਕਾਰਨਰ ਬਣਾਇਆ, ਜਿਸ ’ਤੇ ਫਿਰ ਗੋਲ ਨਹੀਂ ਹੋ ਸਕਿਆ।
ਇਸ ਵਿਚਾਲੇ ਮਲੇਸ਼ੀਆ ਨੂੰ ਪਲਟਵਾਰ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਡਿਫੈਂਸ ਮੁਸਤੈਦ ਸੀ। ਭਾਰਤ ਨੇ 43ਵੇਂ ਮਿੰਟ ਵਿਚ ਨਵਨੀਤ ਕੌਰ ਦੀ ਫਲਿੱਕ ’ਤੇ ਪ੍ਰੀਤੀ ਦੇ ਗੋਲ ਦੇ ਦਮ ’ਤੇ ਬੜ੍ਹਤ ਦੁੱਗਣੀ ਕਰ ਲਈ। ਇਕ ਮਿੰਟ ਬਾਅਦ ਓਦਿਤਾ ਨੇ ਭਾਰਤ ਲਈ ਤੀਜਾ ਗੋਲ ਕੀਤਾ। ਭਾਰਤ ਨੂੰ 50ਵੇਂ ਮਿੰਟ ਵਿਚ ਫਿਰ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਓਦਿਤਾ ਗੋਲ ਨਹੀਂ ਕਰ ਸਕੀ। ਆਖਰੀ ਸੀਟੀ ਵੱਜਣ ਤੋਂ 5 ਮਿੰਟ ਪਹਿਲਾਂ ਸੰਗੀਤਾ ਨੇ ਬਿਹਤਰੀਨ ਫੀਲਡ ਗੋਲ ਕੀਤਾ। ਡੀਪ ਤੋਂ ਪਾਸ ਲੈ ਕੇ ਉਹ ਦੋ ਡਿਫੈਂਡਰਾਂ ਨੂੰ ਝਕਾਨੀ ਦਿੰਦੇ ਹੋਏ ਮਲੇਸ਼ੀਆਈ ਸਰਕਲ ਵਿਚ ਦਾਖਲ ਹੋਈ ਤੇ ਦਮਦਾਰ ਰਿਵਰਸ ਸ਼ਾਟ ’ਤੇ ਗੋਲ ਕਰ ਦਿੱਤਾ।