ਅਸ਼ਵਿਨ ਦਾ ਆਲਰਾਊਂਡ ਪ੍ਰਦਰਸ਼ਨ, ਭਾਰਤ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ
Sunday, Sep 22, 2024 - 12:23 PM (IST)
ਸਪੋਰਟਸ ਡੈਸਕ : ਅਸ਼ਵਿਨ ਦੇ ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਮੈਚ 'ਚ 280 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅਸ਼ਵਿਨ ਨੇ ਟੈਸਟ ਦੀ ਪਹਿਲੀ ਪਾਰੀ 'ਚ ਸੈਂਕੜਾ ਲਗਾਉਣ ਤੋਂ ਬਾਅਦ ਦੂਜੀ ਪਾਰੀ 'ਚ 6 ਵਿਕਟਾਂ ਲਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਾਰੀ ਵਿੱਚ 376 ਦੌੜਾਂ ਬਣਾਈਆਂ ਜਿਸ ਵਿੱਚ ਅਸ਼ਵਿਨ ਨੇ ਸੈਂਕੜਾ ਜੜਿਆ ਜਦਕਿ ਰਵਿੰਦਰ ਜਡੇਜਾ ਅਤੇ ਯਸ਼ਸਵੀ ਜਾਇਸਵਾਲ ਨੇ ਅਰਧ ਸੈਂਕੜੇ ਬਣਾਏ। ਇਸ ਤੋਂ ਬਾਅਦ ਬੁਮਰਾਹ ਅਤੇ ਹੋਰ ਗੇਂਦਬਾਜ਼ਾਂ ਦੇ ਦਮ 'ਤੇ ਭਾਰਤ ਨੇ ਬੰਗਲਾਦੇਸ਼ ਨੂੰ 149 ਦੌੜਾਂ 'ਤੇ ਆਊਟ ਕਰ ਦਿੱਤਾ ਅਤੇ 227 ਦੌੜਾਂ ਦੀ ਲੀਡ ਲੈ ਲਈ। ਇਸ ਤੋਂ ਬਾਅਦ ਭਾਰਤ ਨੇ 287/4 ਦੇ ਸਕੋਰ ਨਾਲ ਦੂਜੀ ਪਾਰੀ ਘੋਸ਼ਿਤ ਕੀਤੀ ਅਤੇ ਮਹਿਮਾਨ ਟੀਮ ਨੂੰ 515 ਦੌੜਾਂ ਦਾ ਮੁਸ਼ਕਲ ਟੀਚਾ ਦਿੱਤਾ। ਇਸ ਵਾਰ ਅਸ਼ਵਿਨ ਨੇ ਆਪਣੀ ਗੇਂਦਬਾਜ਼ੀ ਦੇ ਜੌਹਰ ਦਿਖਾਉਂਦੇ ਹੋਏ 6 ਵਿਕਟਾਂ ਲੈ ਕੇ ਬੰਗਲਾਦੇਸ਼ ਦੀ ਕਮਰ ਤੋੜ ਦਿੱਤੀ ਅਤੇ ਟੀਮ ਚੌਥੇ ਦਿਨ ਪਹਿਲਾ ਟੈਸਟ ਜਿੱਤਣ 'ਚ ਕਾਮਯਾਬ ਰਹੀ। ਭਾਰਤ ਹੁਣ ਦੋ ਟੈਸਟ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।
ਪਲੇਇੰਗ 11:
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ।
ਬੰਗਲਾਦੇਸ਼ : ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜਸ, ਹਸਨ ਮਹਿਮੂਦ, ਨਾਹੀਦ ਰਾਣਾ ਅਤੇ ਤਸਕੀਨ ਅਹਿਮਦ।