ਭਾਰਤ ਨੇ ਆਪਣਾ ਇਕਲੌਤਾ ATP 250 ਟੂਰਨਾਮੈਂਟ ਵੀ ਗੁਆਇਆ
Saturday, Jun 10, 2023 - 03:52 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤੀ ਟੈਨਿਸ ਨੂੰ ਕਰਾਰਾ ਝਟਕਾ ਦਿੰਦੇ ਹੋਏ ਉਸਦੇ ਇਕਲੌਤੇ ਏ. ਟੀ. ਪੀ. 250 ਟੂਰਨਾਮੈਂਟ ਦੀ ਮੇਜ਼ਬਾਨੀ ਲੈ ਲਈ ਗਈ ਹੈ, ਜਿਹੜਾ 1996 ਤੋਂ ਭਾਰਤ ਵਿਚ ਹੋ ਰਿਹਾ ਸੀ ਤੇ ਪਿਛਲੇ ਕੁਝ ਸਾਲਾਂ ’ਚ ਟਾਟਾ ਓਪਨ ਮਹਾਰਾਸ਼ਟਰ ਦੇ ਨਾਂ ਨਾਲ ਖੇਡਿਆ ਗਿਆ। ਤਾਮਿਲਨਾਡੂ ਟੈਨਿਸ ਸੰਘ ਨੇ 13 ਸਾਲ ਬਾਅਦ ਜਦੋਂ ਮੇਜ਼ਬਾਨੀ ਛੱਡਣ ਦਾ ਫੈਸਲਾ ਲਿਆ ਤਾਂ ਮਹਾਰਾਸ਼ਟਰ ਪ੍ਰਦੇਸ਼ ਲਾਨ ਟੈਨਿਸ ਸੰਘ ਨੇ 2018 ਵਿਚ ਇਸ ਨੂੰ ਦੇਸ਼ ’ਚੋਂ ਬਾਹਰ ਲਿਜਾਣ ਤੋਂ ਬਚਾਇਆ ਸੀ।
ਇਹ ਟੂਰਨਾਮੈਂਟ ਐੱਮ. ਐੱਸ. ਐੱਲ. ਟੀ., ਮਹਾਰਾਸ਼ਟਰ ਸਰਕਾਰ, ਆਈ. ਐੱਮ. ਜੀ. ਤੇ ਰਾਈਜ ਵਰਲਡਵਾਈਡ (ਰਿਲਾਇੰਸ ਗਰੁੱਪ ਦੀ ਪਹਿਲ) ਵਿਚਾਲੇ ਇਕ ਸਮਝੌਤਾ ਸੀ। ਐੱਮ. ਐੱਸ. ਐੱਲ. ਟੀ. ਏ. ਦੇ ਸਕੱਤਰ ਸੁੰਦਰ ਅਈਅਰ ਤੇ ਟੂਰਨਾਮੈਂਟ ਡਾਇਰੈਕਟਰ ਪ੍ਰਸ਼ਾਂਤ ਸੁਤਾਰ ਨੇ ਇਕ ਬਿਆਨ ’ਚ ਕਿਹਾ,‘‘ਆਈ. ਐੱਮ. ਜੀ. ਤੇ ਰਾਇਜ ਦੇ ਨਾਲ ਕਰਾਰ ਖਤਮ ਹੋ ਗਿਆ ਹੈ। ਐੱਮ. ਐੱਸ. ਐੱਲ. ਟੀ. ਏ. ਨੇ ਪੰਜ ਸਾਲ ਤਕ ਟੂਰਨਾਮੈਂਟ ਦੇ ਸਫਲ ਆਯੋਜਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਪੂਰੀ ਕੀਤੀ।
ਮਹਾਰਾਸ਼ਟਰ ਸਰਕਾਰ ਤੇ ਸਾਡੇ ਸਪਾਂਸਰ ਟਾਟਾ ਨੇ ਮਹਾਰਾਸ਼ਟਰ ’ਚ ਟੈਨਿਸ ਨੂੰ ਬੜ੍ਹਾਵਾ ਦੇਣ ਲਈ ਸਹਾਇਤਾ ਦਾ ਵਾਅਦਾ ਕੀਤਾ ਹੈ, ਜਦੋਂ ਵੀ ਕਿਸੇ ਵੱਡੇ ਟੂਰਨਾਮੈਂਟ ਦੀ ਮੇਜਬਾਨੀ ਦਾ ਮੌਕਾ ਮਿਲੇਗਾ ਜਿਹੜਾ ਖਿਡਾਰੀਆਂ ਤੇ ਭਾਰਤੀ ਟੈਨਿਸ ਦੇ ਹਿੱਤ ਵਿਚ ਹੋਵੇਗਾ।’’ ਏ. ਟੀ. ਪੀ. ਟੂਰ ’ਤੇ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਮਾਮਲੇ ’ਚ ਇਹ ਵੱਡਾ ਝਟਕਾ ਹੈ। ਖੇਡ ਦੀ ਪ੍ਰਸਿੱਧੀ ਤਦ ਵਧਦੀ ਹੈ ਜਦੋਂ ਰਾਫੇਲ ਨਡਾਲ, ਕਾਰਲੋਸ ਮੋਯਾ, ਸਟੇਨ ਵਾਵਰਿੰਕਾ ਤੇ ਮਾਰਿਨ ਸਿਲਿਚ ਵਰਗੇ ਖਿਡਾਰੀ ਇਸ ਵਿਚ ਖੇਡਣ।
ਹਾਲ ਹੀ ਵਿਚ ਆਯੋਜਕ ਸਿਲਿਚ ਨੂੰ ਹੀ ਲਿਆ ਸਕੇ ਸਨ। ਭਾਰਤੀ ਖਿਡਾਰੀਆਂ ਨੂੰ ਹੋਣ ਵਾਲੇ ਫਾਇਦੇ ਦੇ ਸਬੰਧ ’ਚ ਦੇਖੀਏ ਤਾਂ ਇਹ ਬਹੁਤ ਵੱਡਾ ਨੁਕਸਾਨ ਨਹੀਂ ਹੈ। ਆਪਣੀ ਹੇਠਲੇ ਰੈਂਕਿੰਗ ਦੇ ਕਾਰਨ ਭਾਰਤੀ ਖਿਡਾਰੀ ਇਸ ਵਿਚ ਵਾਈਲਡ ਕਾਰਡ ਰਾਹੀਂ ਖੇਡਦੇ ਹਨ। ਟੂਰਨਾਮੈਂਟ ਵਿਚ ਪਿਛਲੇ 5 ਸੈਸ਼ਨਾਂ ’ਚ 1250 ਰੈਂਕਿੰਗ ਅੰਕ ਮਿਲੇ ਤੇ ਭਾਰਤੀ ਖਿਡਾਰੀ 80 ਹੀ ਲੈ ਸਕੇ। ਉਹ ਕਦੇ ਦੂਜੇ ਦੌਰ ਤੋਂ ਅੱਗੇ ਨਹੀਂ ਗਏ। ਅਜਿਹੇ ’ਚ ਇਸ ਤਰ੍ਹਾਂ ਦੇ ਵੱਡੇ ਟੂਰਨਾਮੈਂਟ ਦੀ ਬਜਾਏ ਚੈਲੰਜਰ ਟੂਰਨਾਮੈਂਟ ਬਿਹਤਰ ਹੁੰਦੇ ਹਨ। ਚੈਲੰਜਰ ਟੂਰਨਾਮੈਂਟ ਖੇਡ ਕੇ ਹੀ ਯੂਕੀ ਭਾਂਬਰੀ 2015 ’ਚ ਟਾਪ-100 ’ਚ ਪਹੁੰਚਿਆ। ਬੈਂਗਲੁਰੂ ਚੈਲੰਜਰ ਜਿੱਤ ਕੇ ਸੁਮਿਤ ਨਾਗਲ ਤੇ ਪ੍ਰਜਨੇਸ਼ ਗੁਣੇਸ਼ਵਰਨ ਦਾ ਕਰੀਅਰ ਪਰਵਾਨ ਚੜ੍ਹਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਰਾਹੀਂ ਦਿਓ ਜਵਾਬ।