ਭਾਰਤ ਦਾ ਤੀਜਾ ਤੇ ਵਿਰਾਟ ਦਾ ਦੂਜਾ ਫਲਾਪ ਸ਼ੋਅ
Tuesday, Mar 03, 2020 - 01:18 AM (IST)
ਨਵੀਂ ਦਿੱਲੀ— ਭਾਰਤ ਨੇ ਨਿਊਜ਼ੀਲੈਂਡ ਹੱਥੋਂ 2 ਟੈਸਟ ਮੈਚਾਂ ਦੀ ਸੀਰੀਜ਼ 0-2 ਨਾਲ ਗੁਆਉਣ ਵਿਚ ਕਿਸੇ ਟੈਸਟ ਸੀਰੀਜ਼ ਵਿਚ ਆਪਣਾ ਤੀਜਾ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ ਜਦਕਿ ਕਪਤਾਨ ਵਿਰਾਟ ਕੋਹਲੀ ਦਾ ਕਿਸੇ ਸੀਰੀਜ਼ ਵਿਚ ਇਹ ਦੂਜਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ। ਵਿਰਾਟ ਨੇ ਇਸ ਪਰਦਰਸ਼ਨ ਦੇ ਕਾਰਣ ਟੈਸਟ ਰੈਂਕਿੰਗ ਵਿਚ ਆਪਣਾ ਨੰਬਰ ਇਕ ਸਥਾਨ ਗੁਆਇਆ। ਉਸ ਦੀ ਇਸ ਸੀਰੀਜ਼ ਵਿਚ 9.50 ਦੀ ਔਸਤ ਰਹੀ ਅਤੇ ਉਸ ਨੇ ਦੋ ਟੈਸਟਾਂ ਦੀਆਂ 4 ਪਾਰੀਆਂ ਵਿਚ 2,19,3 ਅਤੇ 14 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਸ ਦੀ ਸਭ ਤੋਂ ਖਰਾਬ ਸੀਰੀਜ਼ 2016-17 ਵਿਚ ਆਸਟਰੇਲੀਆ ਵਿਰੁੱਧ ਰਹੀ ਸੀ, ਜਿਸ ਵਿਚ ਉਸ ਨੇ 5 ਪਾਰੀਆਂ ਵਿਚ 9.20 ਦੀ ਔਸਤ ਨਾਲ 46 ਦੌੜਾਂ ਬਣਾਈਆਂ ਸਨ।
ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਮੰਨੇ ਜਾਣ ਵਾਲੇ ਵਿਰਾਟ ਦੇ ਸ਼ਾਨਦਾਰ ਕਰੀਅਰ ਵਿਚ ਇਹ 10ਵਾਂ ਮੌਕਾ ਹੈ ਜਦੋਂ ਉਸ ਨੇ ਦੋ ਜਾਂ ਉਸ ਤੋਂ ਵੱਧ ਮੈਚਾਂ ਦੀ ਸੀਰੀਜ ਵਿਚ 10 ਤੋਂ ਘੱਟ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਭਾਰਤ ਨੇ ਇਨ੍ਹਾਂ 10 ਸੀਰੀਜ਼ ਵਿਚੋਂ 9 ਗੁਆਈਆਂ ਤੇ 1 ਡਰਾਅ ਖੇਡੀ। ਵਿਰਾਟ ਨੇ ਇਸ ਦੌਰੇ ਵਿਚ ਤਿੰਨੇ ਸਵਰੂਪਾਂ ਦੀਆਂ 11 ਪਾਰੀਆਂ ਵਿਚ ਕੁਲ 218 ਦੌੜਾਂ ਬਣਾਈਆਂ ਤੇ ਉਸ ਦੇ ਬੱਲੇ ਤੋਂ ਸਿਰਫ ਇਕ ਅਰਧ ਸੈਂਕੜਾ ਪਹਿਲੇ ਵਨ ਡੇ ਵਿਚ ਲੱਗਾ। ਵਿਰਾਟ ਨੇ ਇਸ ਦੌਰੇ ਵਿਚ ਟੀ-20 ਸੀਰੀਜ਼ ਵਿਚ 45,11,38 ਤੇ 11 ਦੌੜਾਂ, ਵਨ ਡੇ ਸੀਰੀਜ਼ ਵਿਚ 51,11 ਤੇ 9 ਅਤੇ ਟੈਸਟ ਸੀਰੀਜ਼ ਵਿਚ 2,19,2 ਅਤੇ 14 ਦੌੜਾਂ ਬਣਾਈਆਂ।
ਕਪਤਾਨ ਦੇ ਇਸ ਪ੍ਰਦਰਸ਼ਨ ਦਾ ਅਸਰ ਟੀਮ ਦੀ ਬੱਲੇਬਾਜ਼ੀ 'ਤੇ ਵੀ ਪਿਆ ਤੇ ਭਾਰਤੀ ਬੱਲੇਬਾਜ਼ਾਂ ਦਾ ਚਾਰੇ ਪਾਰੀਆਂ ਵਿਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਚਾਰੇ ਪਾਰੀਆਂ ਵਿਚ ਭਾਰਤੀ ਬੱਲੇਬਾਜ਼ੀ ਨੂੰ ਸੰਭਾਲਣ ਲਈ ਕੋਈ ਵੀ ਬੱਲੇਬਾਜ਼ ਮੌਜੂਦ ਨਹੀਂ ਸੀ। ਖੁਦ ਕਪਤਾਨ ਵਿਰਾਟ ਨੇ ਦੂਜੇ ਟੈਸਟ ਤੋਂ ਬਾਅਦ ਮੰਨਿਆ ਕਿ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤੇ ਨਿਊਜ਼ੀਲੈਂਡ ਨੇ ਟੀਮ ਇੰਡੀਆ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ। ਭਾਰਤ ਦਾ ਇਸ ਸੀਰੀਜ਼ ਵਿਚ ਪ੍ਰਤੀ ਵਿਕਟ ਦੌੜ ਔਸਤ 18.05 ਰਿਹਾ। ਭਾਰਤ ਦੇ ਇਸ ਤੋਂ ਪਹਿਲਾਂ ਦੋ ਖਰਾਬ ਪ੍ਰਦਰਸ਼ਨ ਨਿਊਜ਼ੀਲੈਂਡ ਵਿਰੁੱਧ ਹੀ ਰਹੇ ਸਨ। ਭਾਰਤ ਨੇ 2002-03 ਦੇ ਨਿਊਜ਼ੀਲੈਂਡ ਦੌਰੇ ਵਿਚ 13.37 ਦੀ ਔਸਤ ਕੱਢੀ ਸੀ ਜਦਕਿ ਨਿਊਜ਼ੀਲੈਂਡ ਦੇ 1969-70 ਦੇ ਭਾਰਤ ਦੌਰੇ ਵਿਚ ਭਾਰਤ ਨੇ 16.61 ਦੀ ਔਸਤ ਕੱਢੀ ਸੀ।
ਭਾਰਤ ਦਾ ਇਸ ਸੀਰੀਜ਼ ਦੀਆਂ ਚਾਰੇ ਪਾਰੀਆਂ ਵਿਚ ਸਭ ਤੋਂ ਵੱਧ ਸਕੋਰ 242 ਦੌੜਾਂ ਰਿਹਾ। ਇਹ ਭਾਰਤ ਦਾ 2 ਜਾਂ ਉਸ ਤੋਂ ਵੱਧ ਮੈਚਾਂ ਦੀ ਸੀਰੀਜ ਵਿਚ ਦੂਜਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤ ਨੇ 2002-03 ਦੀ ਸੀਰੀਜ਼ ਵਿਚ ਸਭ ਤੋਂ ਵੱਧ 161 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਵਲੋਂ ਸੀਰੀਜ਼ ਦਾ ਸਭ ਤੋਂ ਵੱਧ 58 ਦੌੜਾਂ ਦਾ ਸਕੋਰ ਮਯੰਕ ਅਗਰਵਾਲ ਦੇ ਨਾਂ ਰਿਹਾ। ਆਖਰੀ ਵਾਰ ਕਿਸੇ ਸੀਰੀਜ਼ ਵਿਚ ਭਾਰਤ ਵਲੋਂ 2002-03 ਦੇ ਨਿਊਜ਼ੀਲੈਂਡ ਦੌਰੇ ਵਿਚ ਕੋਈ ਸੈਂਕੜਾ ਨਹੀਂ ਬਣਿਆ ਗਿਆ ਸੀ। ਭਾਰਤ ਨੇ ਉਸ ਤੋਂ ਬਾਅਦ ਤੋਂ 60 ਟੈਸਟ ਸੀਰੀਜ਼ ਖੇਡੀਆਂ ਹਨ। ਟੀਮ ਇੰਡੀਆ ਨੂੰ ਪਹਿਲੀ ਵਾਰ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਟੈਸਟ ਸੀਰੀਜ਼ ਵਿਚ ਸਫਾਏ ਦਾ ਸਾਹਮਣਾ ਕਰਨਾ ਪਿਆ।