ਮਹਿਲਾ ਗ੍ਰੈਂਡ ਪ੍ਰਿਕਸ ’ਚ ਖ਼ਰਾਬ ਪ੍ਰਬੰਧਾਂ ਕਾਰਨ ਭਾਰਤ ਦੇ ਵੱਕਾਰ ਨੂੰ ਲੱਗੀ ਢਾਅ, ਦੋ ਗ੍ਰੈਂਡ ਮਾਸਟਰ ਹੋਈਆਂ ਬਾਹਰ

04/02/2023 2:01:12 AM

ਸਪੋਰਟਸ ਡੈਸਕ : ਭਾਰਤ ’ਚ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ ਮਹਿਲਾ ਗ੍ਰੈਂਡ ਪ੍ਰਿਕਸ ਚੈੱਸ ਪ੍ਰਤੀਯੋਗਿਤਾ ਦੇ ਆਯੋਜਨ ਦੌਰਾਨ ਹੋਈਆਂ ਲਾਪ੍ਰਵਾਹੀਆਂ ਕਾਰਨ ਪੂਰੀ ਦੁਨੀਆ ਦੇ ਚੈੱਸ ਪ੍ਰੇਮੀਆਂ ਵਿਚ ਭਾਰਤ ਦੀ ਫਜ਼ੀਹਤ ਹੋ ਰਹੀ ਹੈ ਤੇ ਆਯੋਜਨ ਕਮੇਟੀ ਦੇ ਖ਼ਰਾਬ ਪ੍ਰਬੰਧਾਂ ਦੇ ਕਾਰਨ ਦੋ ਗ੍ਰੈਂਡ ਮਾਸਟਰਸ ਖਿਡਾਰਨਾਂ ਵੱਲੋਂ ਟੂਰਨਾਮੈਂਟ ਤੋਂ ਖੁਦ ਨੂੰ ਵੱਖ ਕੀਤੇ ਜਾਣ ਤੋਂ ਬਾਅਦ ਵਿਦੇਸ਼ਾਂ ’ਚ ਭਾਰਤ ਦੇ ਵੱਕਾਰ ਨੂੰ ਢਾਅ ਲੱਗੀ ਹੈ।

ਇਹ ਟੂਰਨਾਮੈਂਟ 24 ਮਾਰਚ ਤੋਂ ਦਿੱਲੀ ’ਚ ਸ਼ੁਰੂ ਹੋਣਾ ਸੀ ਪਰ ਅਧੂਰੀਆਂ ਤਿਆਰੀਆਂ ਦੇ ਕਾਰਨ ਇਸ ਵਿਚ 24 ਘੰਟੇ ਦੀ ਦੇਰੀ ਹੋਈ। ਇਹ ਟੂਰਨਾਮੈਂਟ 6 ਅਪ੍ਰੈਲ ਤਕ ਚੱਲਣਾ ਹੈ ਤੇ ਇਸ ਵਿਚ ਦੁਨੀਆ ਦੀਆਂ 16 ਖਿਡਾਰਨਾਂ ਨੇ ਹਿੱਸਾ ਲੈਣਾ ਸੀ। ਆਯੋਜਨ ਕਮੇਟੀ ਦੇ ਡਾਇਰੈਕਟਰ ਭਰਤ ਸਿੰਘ ਚੌਹਾਨ ਦੇ ਖ਼ਰਾਬ ਪ੍ਰਬੰਧਾਂ ਕਾਰਨ ਜਰਮਨ ਦੀ ਗ੍ਰੈਂਡ ਮਾਸਟਰ ਐਲਿਜ਼ਾਬੇਥ ਪੇਜਟਸ ਤੇ ਕਜ਼ਾਕਿਸਤਾਨ ਦੀ ਗ੍ਰੈਂਡ ਮਾਸਟਰ ਜਨਸਾਯਾ ਅਬਦੁਮਲਿਕ ਨੇ ਟੂਰਨਾਮੈਂਟ ਤੋਂ ਖੁਦ ਨੂੰ ਵੱਖ ਕਰ ਲਿਆ। ਜ਼ਿਕਰਯੋਗ ਹੈ ਕਿ ਭਰਤ ਸਿੰਘ ਚੌਹਾਨ ਨੂੰ ਦਿੱਲੀ ਹਾਈਕੋਰਟ ਵੱਲੋਂ ਆਲ ਇੰਡੀਆ ਚੈੱਸ ਫੈੱਡਰੇਸ਼ਨ ਦੇ ਸਕੱਤਰ ਅਹੁਦੇ ਤੋਂ ਹਟਾਇਆ ਜਾ ਚੁੱਕਾ ਹੈ, ਇਸਦੇ ਬਾਵਜੂਦ ਉਸਨੂੰ ਕੌਮਾਂਤਰੀ ਪੱਧਰ ’ਤੇ ਆਯੋਜਿਤ ਹੋਣ ਵਾਲੀ ਇੰਨੀ ਵੱਡੀ ਪ੍ਰਤੀਯੋਗਿਤਾ ਦਾ ਡਾਇਰੈਕਟਰ ਬਣਾਇਆ ਗਿਆ, ਜਿਸ ਕਾਰਨ ਭਾਰਤ ਦਾ ਵੱਕਾਰ ਖ਼ਰਾਬ ਹੋ ਰਿਹਾ ਹੈ ਤੇ ਦੇਸ਼ ਦੇ ਚੈੱਸ ਖਿਡਾਰੀ ਵੀ ਇਨ੍ਹਾਂ ਮਾੜੇ ਪ੍ਰਬੰਧਾਂ ਕਾਰਨ ਕਾਫ਼ੀ ਪ੍ਰੇਸ਼ਾਨ ਹੋਏ ਹਨ।

PunjabKesari

ਏਅਰਪੋਰਟ ’ਤੇ ਰਿਸੀਵਿੰਗ ਨਹੀਂ, ਹੋਟਲ ’ਚ ਕਮਰਾ ਨਹੀਂ

ਕਜ਼ਾਕਿਸਤਾਨ ਦੀ ਗ੍ਰੈਂਡ ਮਾਸਟਰ ਜਨਸਾਯਾ ਅਬਦੁਮਲਿਕ ਜਦੋਂ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਦਿੱਲੀ ਪਹੁੰਚੀ ਤਾਂ ਉਸ ਨੂੰ ਏਅਰਪੋਰਟ ’ਤੇ ਰਿਸੀਵ ਕਰਨ ਲਈ ਆਯੋਜਕਾਂ ਵੱਲੋਂ ਕੋਈ ਨਹੀਂ ਸੀ। ਇਸ ਤੋਂ ਬਾਅਦ ਉਹ ਸਿੱਧਾ ਆਯੋਜਕਾਂ ਵੱਲੋਂ ਦੱਸੇ ਗਏ ਹੋਟਲ ਵਿਚ ਪਹੁੰਚੀ ਤੇ ਉੱਥੇ ਖਿਡਾਰੀਆਂ ਦੇ ਕਮਰੇ ਤਿਆਰ ਨਹੀਂ ਸਨ। ਲਿਹਾਜ਼ਾ ਕਈ ਖਿਡਾਰੀਆਂ ਨੂੰ ਹੋਟਲ ਦੀ ਲਾਬੀ ਵਿਚ ਹੀ ਸਵੇਰ ਤਕ ਉਡੀਕ ਕਰਨੀ ਪਈ। ਇਨ੍ਹਾਂ ਮਾੜੇ ਪ੍ਰਬੰਧਾਂ ਤੋਂ ਕਜ਼ਾਕ ਗ੍ਰੈਂਡ ਮਾਸਟਰ ਇੰਨੀ ਨਾਰਾਜ਼ ਹੋਈ ਕਿ ਉਸ ਨੇ ਟੂਰਨਾਮੈਂਟ ਤੋਂ ਖੁਦ ਨੂੰ ਵੱਖ ਹੀ ਕਰ ਲਿਆ।

ਫਿਡੇ ਨੇ ਪੱਤਰ ਲਿਖ ਕੇ ਮੁਕਾਬਲੇਜ਼ਾਬ ਚੈੱਸ ਖਿਡਾਰਨਾਂ ਤੋਂ ਮੁਆਫ਼ੀ ਮੰਗੀ

ਦੋ ਗ੍ਰੈਂਡ ਮਾਸਟਰਾਂ ਵੱਲੋਂ ਟੂਰਨਾਮੈਂਟ ਤੋਂ ਖੁਦ ਨੂੰ ਵੱਖ ਕੀਤੇ ਜਾਣ ਤੋਂ ਬਾਅਦ ਵਿਵਾਦ ਇੰਨਾ ਵਧਿਆ ਕਿ ਇੰਟਰਨੈਸ਼ਨਲ ਚੈੱਸ ਫੈੱਡਰੇਸ਼ਨ (ਫਿਡੇ) ਦੇ ਮੁਖੀ ਆਰਕਾਡੇ ਇਵਾਰਕੋਵਿਚ ਨੂੰ ਪੱਤਰ ਜਾਰੀ ਕਰਕੇ ਮੁਆਫੀ ਮੰਗਣੀ ਪਈ ਤੇ ਭਵਿੱਖ ਵਿਚ ਮਹਿਲਾਵਾਂ ਨੂੰ ਹੋਣ ਵਾਲੀਆਂ ਪ੍ਰਤੀਯੋਗਿਤਾਵਾਂ ਵਿਚ ਬਿਹਤਰ ਪ੍ਰਬੰਧਨ ਕਰਨ ਦਾ ਵਾਅਦਾ ਕਰਨਾ ਪਿਆ। ਫਿਡੇ ਮੁਖੀ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਕਿ ਦਿੱਲੀ ਵਿਚ ਹੋ ਰਹੇ ਟੂਰਨਾਮੈਂਟ ਦੌਰਾਨ ਆਯੋਜਕਾਂ ਤੋਂ ਗੰਭੀਰ ਗਲਤੀਆਂ ਹੋਈਆਂ ਹਨ ਤੇ ਇਸ ਦੇ ਲਈ ਫਿਡੇ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਖਿਡਾਰਨਾਂ ਤੋਂ ਮੁਆਫੀ ਮੰਗਦਾ ਹੈ।
ਭਵਿੱਖ ਵਿਚ ਮਹਿਲਾਵਾਂ ਲਈ ਹੋਣ ਵਾਲੇ ਟੂਰਨਾਮੈਂਟਾਂ ਦੌਰਾਨ ਇਨ੍ਹਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ ਤੇ ਟੂਰਨਾਮੈਂਟ ਦੇ ਆਯੋਜਕਾਂ ਲਈ ਸ਼ਹਿਰਾਂ ਦੀ ਚੋਣ ਤੋਂ ਲੈ ਕੇ ਖਿਡਾਰੀਆਂ ਦੇ ਰਹਿਣ-ਸਹਿਣ ਦਾ ਪ੍ਰਬੰਧ ਉਨ੍ਹਾਂ ਦੀ ਟਰਾਂਸਪੋਟੇਸ਼ਨ ਦੇ ਨਾਲ-ਨਾਲ ਹੋਰ ਪ੍ਰਬੰਧਾਂ ਦੀ ਦੇਖ-ਰੇਖ ’ਤੇ ਵੀ ਫਿਡੇ ਖਾਸ ਧਿਆਨ ਰੱਖੇਗਾ। ਦਰਅਸਲ, ਭਰਤ ਸਿੰਘ ਚੌਹਾਨ ਇਸ ਟੂਰਨਾਮੈਂਟ ਦਾ ਡਾਇਰੈਕਟਰ ਹੈ ਤੇ ਉਸ ਦੀ ਦੇਖ-ਰੇਖ ’ਚ ਹੀ ਇਹ ਟੂਰਨਾਮੈਂਟ ਹੋ ਰਿਹਾ ਹੈ।

PunjabKesari

ਜਰਮਨ ਦੀ ਚੈੱਸ ਫੈੱਡਰੇਸ਼ਨ ਨੇ ਵੀ ਪ੍ਰਬੰਧਾਂ ’ਤੇ ਜਤਾਈ ਨਾਰਾਜ਼ਗੀ

ਆਪਣੀ ਖਿਡਾਰਨ ਐਲਿਜ਼ਾਬੇਥ ਪੇਟਜਸ ਵੱਲੋਂ ਟੂਰਨਾਮੈਂਟ ਵਿਚੋਂ ਹਟਣ ਦਾ ਸਰਮਥਨ ਕਰਦੇ ਹੋਏ ਜਰਮਨ ਦੀ ਚੈੱਸ ਫੈੱਡਰੇਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਟੂਰਨਾਮੈਂਟ ਦੌਰਾਨ ਖਿਡਾਰਨਾਂ ਦਾ ਗਰੁੱਪ ਪਾਰਦਰਸ਼ੀ ਤਰੀਕੇ ਨਾਲ ਨਹੀਂ ਤਿਆਰ ਕੀਤਾ ਗਿਆ, ਜਿਸ ਕਾਰਨ ਖਿਡਾਰਨਾਂ ਮਾਨਸਿਕ ਤੌਰ ’ਤੇ ਟੂਰਨਾਮੈਂਟ ਲਈ ਤਿਆਰ ਨਹੀਂ ਹਨ। ਇਸ ਤੋਂ ਇਲਾਵਾ ਆਯੋਜਨ ਦੀਆਂ ਤਿਆਂਰੀਆਂ ਵਿਚ ਵੀ ਕਈ ਤਰ੍ਹਾਂ ਦੀਆਂ ਕਮੀਆਂ ਹਨ, ਜਿਨ੍ਹਾਂ ਨੂੰ ਦੇਖਦੇ ਹੋਏ ਗ੍ਰੈਂਡ ਮਾਸਟਰ ਐਲਿਜ਼ਾਬੇਥ ਪੇਟਜਸ ਨੇ ਟੂਰਨਾਮੈਂਟ ਵਿਚੋਂ ਆਪਣਾ ਨਾਂ ਵਾਪਸ ਲੈ ਲਿਆ। ਇਸਦਾ ਐਸੀਸੋਈਸ਼ੇਨ ਸਮਰਥਨ ਕਰਦੀ ਹੈ। 

PunjabKesari

ਕਜ਼ਾਕਿਸਤਾਨ ਦੀ ਗ੍ਰੈਂਡ ਮਾਸਟਰ ਦੀ ਫਲਾਈਟ ਤੈਅ ਸ਼ੈਡਿਊਲ ਤੋਂ ਪਹਿਲਾਂ ਆ ਗਈ ਸੀ। ਇਸ ਕਾਰਨ ਉਸ ਨੂੰ ਏਅਰਪੋਰਟ ’ਤੇ ਰਿਸੀਵ ਨਹੀਂ ਕੀਤਾ ਜਾ ਸਕਿਆ। ਜਰਮਨੀ ਤੇ ਕਜ਼ਾਕਿਸਤਾਨ ਵਿਚ ਹੋਏ ਟੂਰਨਾਮੈਂਟਾਂ ਦੌਰਾਨ ਵੀ ਅਜਿਹੀਆਂ ਹੀ ਸਮੱਸਿਆਵਾਂ ਆਈਆਂ ਸਨ ਤੇ ਇਹ ਆਮ ਗੱਲ ਹੈ। ਇਸ ਕਾਰਨ ਟੂਰਨਾਮੈਂਟ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ ਸੀ।
–ਭਰਤ ਸਿੰਘ ਚੌਹਾਨ, ਡਾਇਰੈਕਟਰ ਟੂਰਨਾਮੈਂਟ


Manoj

Content Editor

Related News