ਭਾਰਤ ਦੇ ਹਰਿਕ੍ਰਿਸ਼ਣਾ ਨੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਇਆ
Sunday, Sep 20, 2020 - 01:17 AM (IST)

ਸੇਂਟ ਲੂਈਸ (ਨਿਕਲੇਸ਼ ਜੈਨ)– ਅੱਜ ਤੋਂ ਸ਼ੁਰੂ ਹੋਏ ਸੇਂਟ ਲੂਈਸ ਬਲਿਟਜ਼ ਸ਼ਤਰੰਜ ਦੇ ਪਹਿਲੇ ਹੀ ਦਿਨ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਇਕ ਅਜਿਹਾ ਮੁਕਾਬਲਾ ਜਿੱਤਿਆ, ਜਿਸ ਨਾਲ ਭਾਰਤ ਦੇ ਸਾਰੇ ਸ਼ਤੰਰਜ ਪ੍ਰੇਮੀ ਉਤਸ਼ਾਹ ਨਾਲ ਭਰ ਗਏ। 18 ਰਾਊਂਡਾਂ ਦੇ ਬਲਿਟਜ਼ ਮੁਕਾਬਲੇ ਵਿਚ ਪਹਿਲੇ ਦਿਨ 9 ਮੁਕਾਬਲੇ ਖੇਡੇ ਗਏ ਤੇ ਇਸਦੇ ਤੀਜੇ ਰਾਊਂਡ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾਉਂਦੇ ਹੋਏ ਵੱਡਾ ਉਲਟਫੇਰ ਕਰ ਦਿੱਤਾ। ਹਰਿਕ੍ਰਿਸ਼ਣਾ ਨੇ ਆਪਣੀ ਖੇਡ ਜ਼ਿੰਦਗੀ ਵਿਚ ਪਹਿਲੀ ਵਾਰ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਹਰਾਇਆ ਹੈ। ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਸਿਸਿਲੀਅਨ ਡਿਫੈਂਸ ਵਿਚ ਹਰਿਕ੍ਰਿਸ਼ਣਾ ਨੇ ਸ਼ਾਨਦਾਰ ਓਪਨਿੰਗ ਤੋਂ ਬਾਅਦ ਚੰਗੀ ਬੜ੍ਹਤ ਹਾਸਲ ਕੀਤੀ ਤੇ ਫਿਰ ਕਾਰਲਸਨ ਦੇ ਰਾਜਾ ਦੇ ਉਪਰ ਹਮਲਾ ਕਰ ਦਿੱਤਾ। ਜਵਾਬ ਵਿਚ ਹਰਿਕ੍ਰਿਸ਼ਣਾ ਲਈ ਦਿਨ ਚੰਗਾ ਨਹੀਂ ਗਿਆ ਤੇ ਖੇਡੇ ਗਏ 9 ਮੈਚਾਂ ਵਿਚੋਂ ਉਸ ਨੇ 2 ਜਿੱਤੇ ਜਦਕਿ 3 ਡਰਾਅ ਖੇਡੇ ਤੇ 4 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪਹਿਲੇ ਦਿਨ ਦੀ ਖੇਡ ਤੋਂ ਬਾਅਦ 6.5 ਅੰਕ ਬਣਾ ਕੇ ਨਾਰਵੇ ਦਾ ਮੈਗਨਸ ਕਾਰਲਸਨ ਪਹਿਲੇ, 5.5 ਅੰਕ ਬਣਾ ਕੇ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਦੂਜੇ ਤੇ 5 ਅੰਕ ਬਣਾ ਕੇ ਰੂਸ ਦਾ ਇਯਾਨ ਨੈਪੋਮਨਿਆਚੀ ਟਾਈਬ੍ਰੇਕ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਹੈ। ਹੋਰਨਾਂ ਖਿਡਾਰੀਆਂ ਵਿਚ ਅਮਰੀਕਾ ਦਾ ਵੇਸਲੀ ਸੋ 5 ਅੰਕ, ਅਮਰੀਕਾ ਦਾ ਜੇਫ੍ਰੀ ਜਿਆਂਗ ਤੇ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ 4.5 ਅੰਕ, ਭਾਰਤ ਦਾ ਹਰਿਕ੍ਰਿਸ਼ਣਾ, ਅਰਮੀਨੀਆ ਦਾ ਲੇਵੋਨ ਅਰੋਨੀਅਨ, ਅਮਰੀਕਾ ਦਾ ਦੋਮਿੰਗੇਜ ਪੇਰੇਜ ਤੇ ਫਿਡੇ ਦਾ ਅਲੀਰੇਜਾ ਫਿਰੌਜਾ 3.5 ਅੰਕ ਬਣਾ ਕੇ ਖੇਡ ਰਹੇ ਹਨ।