ਭਾਰਤ ਦੇ ਡੀ. ਗੁਕੇਸ਼ ਨੇ ਜਿੱਤਿਆ ਲਾ ਰੋਡਾ ਇੰਟਰਨੈਸ਼ਨਲ ਸ਼ਤਰੰਜ 2022 ਦਾ ਖ਼ਿਤਾਬ
Tuesday, Apr 19, 2022 - 06:21 PM (IST)
ਲਾ ਰੋਡਾ, ਸਪੇਨ (ਨਿਕਲੇਸ਼ ਜੈਨ)- ਭਾਰਤ ਦੇ 16 ਸਾਲਾ ਗ੍ਰਾਂਡ ਮਾਸਟਰ ਡੀ. ਗੁਕੇਸ਼ ਨੇ ਸਪੇਨ ਦੇ ਲਾ ਰੋਡਾ ਇੰਟਰਨੈਸ਼ਨਲ ਸ਼ਤਰੰਜ ਦੇ ਆਖ਼ਰੀ ਰਾਊਂਡ 'ਚ ਇਜ਼ਰਾਇਲ ਦੇ ਗ੍ਰਾਂਡ ਮਾਸਟਰ ਵਿਕਟਰ ਮਿਕਾਲੇਵਸਕੀ ਵਿਕਟਰ ਨੂੰ ਹਰਾਉਂਦੇ ਹੋਏ ਖ਼ਿਤਾਬ ਆਪਣੇ ਨਾਂ ਕਰ ਲਿਆ। 9 ਰਾਊਂਡ ਦੇ ਬਾਅਦ 7 ਜਿੱਤ ਤੇ 2 ਡਰਾਅ ਨਾਲ ਗੁਕੇਸ਼ ਨੇ ਕੁਲ 8 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਨਾਲ ਗੁਕੇਸ਼ ਨੇ ਹੁਣ ਲਾਈਵ ਵਿਸ਼ਵ ਰੈਂਕਿੰਗ 'ਚ ਪਹਿਲੀ ਵਾਰ 2648 ਅੰਕਾਂ ਦੇ ਨਾਲ ਟਾਪ 100 'ਚ ਪ੍ਰਵੇਸ਼ ਕਰ ਲਿਆ ਹੈ।
ਆਖ਼ਰੀ ਰਾਊਂਡ 'ਚ ਪਹਿਲੇ ਬੋਰਡ 'ਤੇ ਗੁਕੇਸ਼ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਇੰਗਲਿਸ਼ ਓਪਨਿੰਗ 'ਚ ਸਿਰਫ 26 ਚਾਲਾਂ 'ਚ ਵਿਕਟਰ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਦੂਜੇ ਬੋਰਡ 'ਤੇ ਭਾਰਤ ਦੇ ਆਰ. ਪ੍ਰਗਿਆਨੰਧਾ ਦੇ ਟਾਪ ਸੀਡ ਅਰਮੇਨੀਆ ਦੇ ਹੈਕ ਮਾਰਟੀਰਸਯਨ ਦਰਮਿਆਨ ਅੰਤਿਮ ਰਾਊਂਡ 'ਚ ਜ਼ੋਰਦਾਰ ਮੁਕਾਬਲਾ ਹੋਇਆ, ਸਫੈਦ ਮੋਹਰਿਆਂ ਨਾਲ ਖੇਡ ਰਹੇ ਪ੍ਰਗਿਆਨੰਧਾ ਨੇ ਨਿਮਜੋ ਇੰਡੀਅਨ ਓਨਪਿੰਗ 'ਚ ਬਹੁਤ ਜ਼ੋਰ ਲਾਇਆ ਪਰ ਹਾਥੀ ਦੇ ਐਂਡਗੇਮ 'ਚ ਬਾਜ਼ੀ 37 ਚਾਲਾਂ ਦੇ ਬਾਅਦ ਡਰਾਅ 'ਤੇ ਖ਼ਤਮ ਹੋਈ। 7.5 ਅੰਕ ਬਣਾ ਕੇ ਹੈਕ ਦੂਜੇ ਤੇ 7 ਅੰਕਾਂ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਪ੍ਰਗਿਆਨੰਧਾ ਤੀਜੇ ਸਥਾਨ 'ਤੇ ਰਹੇ।