ਇੰਗਲੈਂਡ ਖਿਲਾਫ ਹਾਰ ''ਤੇ ਭਾਰਤੀ ਟੀਮ ਦੀ ਖੇਡ ਭਾਵਨਾ ''ਤੇ ਸਵਾਲ ਉਠਾਏ ਵਕਾਰ ਨੇ
Monday, Jul 01, 2019 - 01:04 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਵਕਾਰ ਯੂਨਿਸ ਨੇ ਭਾਰਤ ਦੀ ਵਰਲਡ ਕੱਪ 'ਚ ਇੰਗਲੈਂਡ ਦੇ ਹੱਥੋਂ ਹਾਰ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਦੀ ਖੇਡ ਭਾਵਨਾ 'ਤੇ ਸਵਾਲ ਉਠਾਏ ਹਨ। ਪਾਕਿਸਤਾਨ ਇਸ ਮੈਚ 'ਚ ਭਾਰਤ ਦਾ ਸਮਰਥਨ ਕਰ ਰਿਹਾ ਸੀ ਕਿਉਂਕਿ ਇਸ 'ਚ ਜਿੱਤ ਨਾਲ ਸਰਫਰਾਜ਼ ਅਹਿਮਦ ਦੀ ਅਗਵਾਈ ਵਾਲੀ ਟੀਮ ਦੀ ਸੈਮੀਫਾਈਨਲ 'ਚ ਪਹੁੰਚਣ ਦੀ ਸੰਭਾਵਨਾ ਵੱਧ ਜਾਂਦੀ। ਭਾਰਤ ਹਾਲਾਂਕਿ ਐਤਵਾਰ ਨੂੰ 338 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜ ਵਿਕਟਾਂ 'ਤੇ 306 ਦੌੜਾਂ ਹੀ ਬਣਾ ਸਕਿਆ ਅਤੇ ਉਸ ਨੂੰ ਟੂਰਨਾਮੈਂਟ 'ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕੋਚ ਵਕਾਰ ਨੇ ਟਵਿੱਟਰ 'ਤੇ ਆਪਣੀ ਭੜਾਸ ਕੱਢੀ।
ਉਨ੍ਹਾਂ ਲਿਖਿਆ, ''ਇਹ ਕੋਈ ਮਤਲਬ ਨਹੀਂ ਰਖਦਾ ਕਿ ਤੁਸੀਂ ਕੌਣ ਹੋ...ਤੁਸੀਂ ਜ਼ਿੰਦਗੀ 'ਚ ਕੀ ਕਰਦੇ ਹੋ। ਇਸ ਨਾਲ ਪਤਾ ਲਗਦਾ ਹੈ ਕਿ ਤੁਸੀਂ ਕੌਣ ਹੋ...ਮੈਨੂੰ ਇਸ ਦੀ ਕੋਈ ਚਿੰਤਾ ਨਹੀਂ ਕਿ ਪਾਕਿਸਤਾਨ ਸੈਮੀਫਾਈਨਲ 'ਚ ਪਹੁੰਚਦਾ ਹੈ ਜਾਂ ਨਹੀਂ। ਪਰ ਇਕ ਗੱਲ ਪੱਕੀ ਹੈ...ਕੁਝ ਚੈਂਪੀਅਨਸ ਦੀ ਖੇਡ ਭਾਵਨਾ ਦੀ ਪ੍ਰੀਖਿਆ ਲਈ ਗਈ ਅਤੇ ਉਸ 'ਚ ਬੁਰੀ ਤਰ੍ਹਾਂ ਅਸਫਲ ਰਹੇ।'' ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਬਾਸਿਤ ਅਲੀ ਅਤੇ ਸਿਕੰਦਰ ਬਖਤ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਨੂੰ ਟੂਰਨਮੈਂਟ ਤੋਂ ਬਾਹਰ ਰੱਖਣ ਲਈ ਭਾਰਤੀ ਟੀਮ ਇੰਗਲੈਂਡ ਤੋਂ ਹਾਰ ਸਕਦੀ ਹੈ। ਇੰਗਲੈਂਡ ਦੇ ਹੁਣ 10 ਅੰਕ ਹਨ ਜੋ ਪਾਕਿਸਤਾਨ ਤੋਂ ਇਕ ਅੰਕ ਜ਼ਿਆਦਾ ਹੈ। ਇੰਗਲੈਂਡ ਨੂੰ ਹੁਣ ਅਗਲਾ ਮੈਚ ਨਿਊਜ਼ੀਲੈਂਡ ਨਾਲ ਖੇਡਣਾ ਹੈ ਜਦਕਿ ਪਾਕਿਸਤਾਨ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ।