IND W vs AUS W Test : ਹਰਮਨਪ੍ਰੀਤ ਨੇ ਦਿਵਾਈ ਟੀਮ ਇੰਡੀਆ ਨੂੰ ਵਾਪਸੀ
Saturday, Dec 23, 2023 - 09:04 PM (IST)
ਮੁੰਬਈ, (ਭਾਸ਼ਾ)- ਕਪਤਾਨ ਹਰਮਨਪ੍ਰੀਤ ਕੌਰ (23 ਦੌੜਾਂ ’ਤੇ 2 ਵਿਕਟਾਂ) ਨੇ ਤੀਜੇ ਦਿਨ ਸ਼ਨੀਵਾਰ ਨੂੰ ਇਥੇ ਆਖਰੀ ਪਲਾਂ ’ਚ 2 ਵਿਕਟਾਂ ਲੈ ਕੇ ਭਾਰਤ ਦਾ ਆਸਟ੍ਰੇਲੀਆ ਖਿਲਾਫ ਇਕਲੌਤੇ ਮਹਿਲਾ ਟੈਸਟ ਕ੍ਰਿਕਟ ਮੈਚ ’ਚ ਪੱਲੜਾ ਭਾਰੀ ਰੱਖਿਆ। ਆਸਟ੍ਰੇਲੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ’ਚ 5 ਵਿਕਟਾਂ ’ਤੇ 233 ਦੌੜਾਂ ਬਣਾਈਆਂ ਸਨ ਅਤੇ ਇਸ ਤਰ੍ਹਾਂ ਉਸ ਨੇ 46 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ : ਸੂਰਿਆਕੁਮਾਰ ਯਾਦਵ ਨੂੰ ਲੱਗੀ ਡੂੰਘੀ ਸੱਟ, T20 WC ਦੀਆਂ ਤਿਆਰੀਆਂ ਨੂੰ ਲੱਗਾ ਵੱਡਾ ਝਟਕਾ
ਭਾਰਤ ਨੇ ਆਸਟ੍ਰੇਲੀਆ ਦੀਆਂ 219 ਦੌੜਾਂ ਦੇ ਜਵਾਬ ’ਚ ਆਪਣੀ ਪਹਿਲੀ ਪਾਰੀ ’ਚ 406 ਦੌੜਾਂ ਬਣਾ ਕੇ 187 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਹਰਮਨਪ੍ਰੀਤ ਨੇ ਟਾਹਲੀਆ ਮੈਕਗ੍ਰਾ (177 ਗੇਂਦਾਂ ’ਚ 73 ਦੌੜਾਂ, 10 ਚੌਕੇ) ਨੂੰ ਕਲੀਨ ਬੋਲਡ ਕੀਤਾ ਅਤੇ ਫਿਰ ਖਤਰਨਾਕ ਨਜ਼ਰ ਆ ਰਹੀ ਐਲਿਸਾ ਹੀਲੀ (32 ਦੌੜਾਂ) ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਸਟੰਪ ਉਖਾੜਨ ਦੇ ਸਮੇਂ ਐਨਾਬੇਲ ਸਦਰਲੈਂਡ 12 ਅਤੇ ਐਸ਼ਲੀਗ ਗਾਰਡਨਰ 7 ਦੌੜਾਂ ’ਤੇ ਖੇਡ ਰਹੀ ਸੀ। ਤੀਜਾ ਦਿਨ ਆਸਟ੍ਰੇਲੀਆ ਦੇ ਨਾਂ ਰਿਹਾ।
ਭਾਰਤ ਨੇ ਸਵੇਰੇ ਆਪਣੀ ਪਾਰੀ 7 ਵਿਕਟਾਂ ’ਤੇ 376 ਦੌੜਾਂ ਨਾਲ ਅੱਗੇ ਵਧਾਈ ਅਤੇ ਉਸ ਨੇ ਅੱਧੇ ਘੰਟੇ ਦੀ ਖੇਡ ’ਚ 30 ਦੌੜਾਂ ਜੋੜ ਕੇ ਆਪਣੀਆਂ ਬਾਕੀ 3 ਵਿਕਟਾਂ ਗੁਆ ਦਿੱਤੀਆਂ। ਸਦਰਲੈਂਡ (41 ਦੌੜਾਂ ’ਤੇ 2 ਵਿਕਟਾਂ) ਨੇ ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਕੱਲ ਦੀ ਅਜੇਤੂ ਬੱਲੇਬਾਜ਼ ਪੂਜਾ ਵਸਤਰਾਕਰ (47 ਦੌੜਾਂ) ਅਤੇ ਰੇਣੂਕਾ ਸਿੰਘ (08 ਦੌੜਾਂ) ਨੂੰ, ਜਦੋਂਕਿ ਕਿਮ ਗਾਰਥ ਨੇ ਦੀਪਤੀ ਸ਼ਰਮਾ (78) ਨੂੰ ਆਊਟ ਕੀਤਾ ਪਰ ਇਸ ਤੋਂ ਪਹਿਲਾਂ ਭਾਰਤੀਆਂ ਨੇ 2 ਨਵੇਂ ਰਿਕਾਰਡ ਬਣਾਏ। ਦੀਪਤੀ ਨੇ ਆਪਣੀ ਪਾਰੀ ’ਚ 171 ਗੇਂਦਾਂ ਦਾ ਸਾਹਮਣਾ ਕੀਤਾ ਅਤੇ 9 ਚੌਕੇ ਮਾਰੇ। ਭਾਰਤ ਦਾ 406 ਦੌੜਾਂ ਦਾ ਯੋਗ ਆਸਟ੍ਰੇਲੀਆ ਖਿਲਾਫ ਟੈਸਟ ਕ੍ਰਿਕਟ ’ਚ ਸਭ ਤੋਂ ਵੱਡਾ ਸਕੋਰ ਹੈ। ਦੀਪਤੀ ਅਤੇ ਵਸਤਰਕਾਰ ਵਿਚਾਲੇ 8ਵੀਂ ਵਿਕਟ ਲਈ 122 ਦੌੜਾਂ ਦੀ ਸਾਂਝੇਦਾਰੀ ਭਾਰਤ ਵੱਲੋਂ ਨਵਾਂ ਰਿਕਾਰਡ ਹੈ।
ਆਸਟ੍ਰੇਲੀਆ ਦੀ ਸਲਾਮੀ ਬੱਲੇਬਾਜ਼ ਬੇਥ ਮੂਨੀ (33 ਦੌੜਾਂ) ਅਤੇ ਫੋਏਬੇ ਲੀਚਫੀਲਡ (18 ਦੌੜਾਂ) ਨੇ ਸਾਵਧਾਨੀ ਭਰੀ ਸ਼ੁਰੂਆਤ ਕੀਤੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਸ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ। ਰਿਚਾ ਘੋਸ਼ ਨੇ ਮੂਨੀ ਨੂੰ ਰਨ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਸਨੇਹ ਰਾਣਾ (54 ਦੌੜਾਂ ਦੇ ਕੇ 2 ਵਿਕਟਾਂ) ਨੇ ਲੀਚਫੀਲਡ ਨੂੰ ਬੋਲਡ ਕੀਤਾ, ਜੋ ਰਿਵਰਸ ਸਵੀਪ ਕਰਨ ਤੋਂ ਖੁੰਝ ਗਈ ਸੀ। ਐਲੀਸ ਪੇਰੀ ਵੱਡੀ ਪਾਰੀ ਖੇਡਣ ਦੀ ਉਮੀਦ ਕਰ ਰਹੀ ਸੀ ਪਰ ਭਾਰਤੀ ਵਿਕਟਕੀਪਰ ਯਾਸਤਿਕਾ ਭਾਟੀਆ ਨੇ ਸਨੇਹ ਰਾਣਾ ਦੀ ਗੇਂਦ ’ਤੇ ਉਸ ਦਾ ਸ਼ਾਨਦਾਰ ਕੈਚ ਲੈ ਕੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਪੇਰੀ ਨੇ 91 ਗੇਂਦਾਂ ’ਤੇ 5 ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਉਸ ਨੇ ਮੈਕਗ੍ਰਾ ਦੇ ਨਾਲ ਤੀਜੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ।
ਸਨੇਹ ਰਾਣਾ ਨੇ ਰਾਜੇਸ਼ਵਰੀ ਗਾਇਕਵਾੜ ਦੀ ਗੇਂਦ ’ਤੇ ਪਹਿਲੀ ਸਲਿਪ ’ਚ ਮੈਕਗ੍ਰਾ ਦਾ ਕੈਚ ਛੱਡਿਆ, ਜਿਸ ਦਾ ਫਾਇਦਾ ਉਠਾਉਂਦੇ ਹੋਏ ਇਹ ਆਸਟ੍ਰੇਲੀਆਈ ਬੱਲੇਬਾਜ਼ ਅਰਧ-ਸੈਂਕੜਾ ਬਣਾਉਣ ’ਚ ਸਫਲ ਰਹੀ। ਇਸ ਤੋਂ ਬਾਅਦ ਜਦੋਂ ਉਹ 52 ਦੌੜਾਂ ’ਤੇ ਖੇਡ ਰਹੀ ਸੀ ਉਦੋਂ ਹਰਮਨਪ੍ਰੀਤ ਨੂੰ ਪਹਿਲੀ ਹੀ ਗੇਂਦ ’ਤੇ ਉਸ ਨੇ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ ਗਿਆ ਸੀ ਪਰ ਡੀ. ਆਰ. ਐੱਸ. ਦੀ ਮਦਦ ਨਾਲ ਉਹ ਕ੍ਰੀਜ਼ ’ਤੇ ਬਣੀ ਰਹੀ ਪਰ ਹਰਮਨਪ੍ਰੀਤ ਕੁਝ ਸਮੇਂ ਬਾਅਦ ਹੀ ਉਸ ਦਾ ਵਿਕਟ ਲੈਣ ’ਚ ਸਫਲ ਰਹੀ। ਉਸ ਦੀ ਗੇਂਦ ਮੈਕਗ੍ਰਾ ਦੇ ਬੱਲੇ ਦੇ ਅੰਦਰਲੇ ਕਿਨਾਰੇ ਨੂੰ ਲੈ ਕੇ ਵਿਕਟਾਂ ਦੇ ਅੰਦਰ ਜਾ ਵੜ ਗਈ ਸੀ। ਵਿਕਟ ਤੋਂ ਸਪਿਨਰਾਂ ਨੂੰ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ, ਜਿਸ ਕਾਰਨ ਭਾਰਤੀ ਗੇਂਦਬਾਜ਼ਾਂ ਨੂੰ ਸੰਘਰਸ਼ ਕਰਨਾ ਪਿਆ। ਰਾਜੇਸ਼ਵਰੀ ਗਾਇਕਵਾੜ ਨੇ 27 ਓਵਰ ਕੀਤੇ ਪਰ ਉਸ ਨੂੰ ਕੋਈ ਵਿਕਟ ਨਹੀਂ ਮਿਲੀ। ਉਸ ਦੀ ਗੇਂਦ ’ਤੇ ਹਾਲਾਂਕਿ ਹੀਲੀ ਨੂੰ 2 ਜੀਵਨਦਾਨ ਮਿਲੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।